ਸਾਡੇ ਦੇਸ਼ ਵਿੱਚ 11 ਮਈ ਨੂੰ ਹਰ ਸਾਲ ਨੈਸ਼ਨਲ ਟੈਕਨੋਲੋਜੀ ਦਿਵਸ ਮਨਾਇਆ ਜਾਂਦਾ ਹੈ | ਇਸਦਾ ਉਦੇਸ਼ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਸਵਦੇਸੀ ਖੋਜ ਕਰਤਾਵਾਂ ਨੂੰ ਉਤਸਾਹਿਤ ਕਰਨਾ ਅਤੇ ਉਤਪਾਦਨ ਕਰਨ ਵਿੱਚ ਸਹਾਇਤਾ ਕਰਨਾ ਹੈ | ਇਸੇ ਦਿਨ ਸਵਦੇਸ਼ੀ “ ਹੰਸਾ-3 ” ਨਾਮਕ ਏਅਰਕਰਾਫਟ ਬੈਂਗਲੋਰ ਵਿਖੇ ਉਡਾਇਆ ਗਿਆ ਸੀ | ਭਾਰਤ ਦੀ ਪ੍ਰਸਿੱਧ ਥਲ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਸਾਇਲ “ਤ੍ਰਿਸ਼ੂਲ” ਦਾ ਪਰੀਖਣ ਵੀ ਇਸੇ ਦਿਨ ਕੀਤਾ ਗਿਆ ਸੀ | ਇਸਤੋਂ ਇਲਾਵਾ ਰਾਜਸਥਾਨ ਵਿੱਚ ਪੋਖਰਣ ਵਿਖੇ “ਸ਼ਕਤੀ” ਨਾਮ ਦੇ ਪਰਮਾਣੁ ਪਰੀਖਣ ਵੀ ਇਸੇ ਦਿਨ 1998 ਵਿੱਚ ਕੀਤੇ ਗਏ ਸਨ |
ਸਾਲ 1999 ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਨੇ 11 ਮਈ ਨੂੰ “ ਨੈਸ਼ਨਲ ਟੈਕਨੋਲੋਜੀ ਦਿਵਸ ” ਦੇ ਤੌਰ ਤੇ ਘੋਸ਼ਿਤ ਕੀਤਾ ਸੀ | ਹੁਣ ਹਰ ਸਾਲ ਇਸ ਦਿਨ ਇਸ ਪ੍ਰੋਗਰਾਮ ਅਧੀਨ ਅਲਗ-ਅਲਗ ਕਾਲੇਜਾਂ ਅਤੇ ਸੰਸਥਾਨਾਂ ਵਿੱਚ ਟੈਕਨੋਲੋਜੀ ਨੂੰ ਉਤਸਾਹਿਤ ਕਰਨ ਦੇ ਉਦੇਸ਼ ਨਾਲ ਕਈ ਤਰਾਂ ਦੇ ਪ੍ਰੋਗਰਾਮ ਅਤੇ ਕੰਪੀਟੀਸ਼ਨ ਕਰਵਾਏ ਜਾਂਦੇ ਹਨ ਅਤੇ ਲੈਕਚਰ ਕਰਵਾਏ ਜਾਂਦੇ ਹਨ | ” ਟੈਕਨੋਲੋਜੀ ਡਵੈਲਪਮੈਂਟ ਬੋਰਡ ” ਜੋ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਅਧੀਨ ਆਉਂਦਾ ਹੈ ਇਸ ਦਿਨ ਨੈਸ਼ਨਲ ਪੁਰਸਕਾਰਾਂ ਦਾ ਵਿੱਤਰਣ ਕਰਦਾ ਹੈ ਜੋ ਰਾਸ਼ਟਰਪਤੀ ਵੱਲੋਂ ਦਿੱਤੇ ਜਾਂਦੇ ਹਨ | ਇਹ ਪੁਰਸਕਾਰ ਟੈਕਨੋਲੋਜੀ ਖੇਤਰ ਵਿੱਚ ਉਹਨਾਂ ਵਿਅਕਤੀਆਂ ਅਤੇ ਉਦਯੋਗਾਂ ਨੂੰ ਸਨਮਾਨ ਵਜੋਂ ਦਿੱਤੇ ਜਾਂਦੇ ਹਨ ਜਿਹਨਾਂ ਨੇ ਸਵਦੇਸ਼ੀ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਕੋਈ ਵਿਸ਼ੇਸ਼ ਕੰਮ ਕੀਤਾ ਹੋਵੇ ਜਾਂ ਉੱਪਲਭਦੀ ਹਾਸਿਲ ਕੀਤੀ ਹੋਵੇ | ਦਿੱਲੀ ਦੇ ਵਿਗਿਆਨ ਭਵਨ ਵਿਖੇ ਨਵੇਂ ਉਤਪਾਦਨਾਂ ਨੂੰ ਜਾਰੀ ਕੀਤਾ ਜਾਂਦਾ ਹੈ | ਟੈਕਨੋਲੋਜੀ ਡਵੈਲਪਮੈੰਟ ਬੋਰਡ ਵੱਲੋਂ ਹਰ ਸਾਲ ਇਸ ਸਬੰਧੀ ਇੱਕ ਥੀਮ ਦੀ ਚੋਣ ਵੀ ਕੀਤੀ ਜਾਂਦੀ ਹੈ | ਸਾਲ 2017 ਦਾ ਥੀਮ ਹੈ “Technology for inclusive and sustainable growth”
– ਉਮੇਸ਼ਵਰ ਨਾਰਾਇਣ –