ਆਸਟਰੇਲੀਆ ਇੱਕ ਦੇਸ਼ ਹੋਣ ਦੇ ਨਾਲ ਨਾਲ ਇੱਕ ਬਹੁਤ ਵੱਡਾ ਮਹਾਂਦੀਪ ਵੀ ਹੈ | ਇਸਦੀ ਵਸੋਂ ਦੀ ਘਣਤਾ ਬਹੁਤ ਘੱਟ ਹੋਣ ਕਾਰਣ ਇਸਨੂੰ “ਖਾਲੀ ਮਹਾਂਦੀਪ” ਵੀ ਕਿਹਾ ਜਾਂਦਾ ਹੈ | ਇਸ ਮਹਾਂਦੀਪ ਬਾਰੇ ਵਿਸਥਾਰ ਨਾਲ ਜਾਣਕਾਰੀ ਯੂਰਪੀਅਨ ਖੋਜੀ ਕੈਪਟਨ ਜੇਮਜ਼ ਕੁੱਕ ਨੇ 1770 ਈ: ਵਿੱਚ ਆਪਣੀਆਂ ਖੋਜ ਦੀਆਂ ਯਾਤਰਾਵਾਂ ਦੌਰਾਨ ਦਿੱਤੀ ਸੀ | ਉਸ ਵੇਲੇ ਉੱਥੇ ਕਾਲੇ ਰੰਗ ਦੇ ਆਦਿ ਵਾਸੀ (ਹਬਸ਼ੀ) ਰਹਿੰਦੇ ਸਨ ਜਿਹਨਾਂ ਦੀ ਕੁੱਲ ਜਨਸੰਖਿਆ ਉਸ ਵੇਲੇ ਤਿੰਨ ਲੱਖ ਦੇ ਕਰੀਬ ਸੀ | ਬਰਤਾਨੀਆਂ ਦੀਆਂ ਜੇਲ੍ਹਾਂ ਵਿੱਚ ਕੈਦੀਆਂ ਦੀ ਭੀੜ ਹੋਣ ਕਰਕੇ ਅਤੇ ਆਸਟਰੇਲੀਆ ਵਿੱਚ ਕੰਮ ਕਰਨ ਲਈ 1788 ਈ: ਵਿੱਚ ਬਰਤਾਨੀਆ ਤੋਂ ਕੈਦੀਆਂ ਦਾ ਜਹਾਜ਼ ਸਿਡਨੀ ਨੇੜੇ ਪਹੁੰਚਿਆ | ਇਹ ਹੀ ਪਹਿਲੇ ਯੂਰਪੀਅਨ ਸਨ ਜਿਹਨਾਂ ਨੇ ਇੱਥੇ ਆ ਕੇ ਬਸਤੀਆਂ ਬਣਾਈਆਂ | ਹੁਣ ਕੈਦੀ ਦੂਸਰੇ ਪ੍ਰਾਂਤਾਂ ਵਿੱਚ ਵੀ ਆ ਕੇ ਖਾਸ ਕਰ ਤਸਮਾਨੀਆਂ , ਕੁਇੰਜ਼ਲੈਂਡ ਅਤੇ ਪੱਛਮੀ ਆਸਟਰੇਲੀਆ ਵਿੱਚ ਵਸਾਏ ਜਾਣ ਲੱਗੇ | ਪਰ 1820 ਈ: ਤੱਕ ਦਾ ਸਮਾਂ ਆਸਟਰੇਲੀਆ ਦੀ ਵਸੋਂ ਦਾ “ਢੋਆ ਢੁਆਈ” ਦਾ ਯੁੱਗ ਕਿਹਾ ਜਾਂਦਾ ਹੈ | ਕੈਦੀਆਂ ਦਾ ਆਸਟਰੇਲੀਆ ਮਹਾਂਦੀਪ ਵਿੱਚ ਭੇਜਣਾ 1868 ਈ: ਤੱਕ ਜਾਰੀ ਰਿਹਾ | ਇਸ ਤਰ੍ਹਾਂ 80 ਸਾਲਾਂ ਵਿੱਚ ਉੱਥੇ 160,000 ਤੋਂ ਵੀ ਜਿਆਦਾ ਕੈਦੀ ਪਹੁਂਚਾਏ ਗਏ
ਉਨ੍ਹੀਵੀਂ ਸਦੀ ਦੇ ਮੱਧ ਵਿੱਚ, ਆਸਟਰੇਲੀਆ ਵਿੱਚ ਸੋਨੇ ਦੀਆਂ ਖਾਣਾਂ ਦੀ ਖੋਜ ਹੋਣ ਦੇ ਨਾਲ ਯੂਰਪ ਤੋਂ ਬਹੁਤ ਜਿਆਦਾ ਤਾਦਾਦ ਵਿੱਚ ਲੋਕ ਇਸ ਮਹਾਂਦੀਪ ਵਿੱਚ ਪਹੁੰਚਣੇ ਸ਼ੁਰੂ ਹੋਏ ਅਤੇ 1851-1861 ਦੇ ਦਹਾਕੇ ਵਿੱਚ ਆਸਟਰੇਲੀਆ ਦੀ ਵਸੋਂ ਦਾ ਵਾਧਾ ਤਿਗੁਣਾ ਹੋ ਕੇ 2,90,000 ਹੋ ਗਿਆ | ਇਹ ਵਸੋਂ ਦਾ ਵਾਧਾ 1890 ਈ: ਤੱਕ ਚਲਦਾ ਰਿਹਾ ਪਰ ਲਗਾਤਾਰ ਸੋਕਾ ਪੈਣ ਕਰਕੇ ਅਤੇ ਆਰਥਿਕ ਸੋਕਾ ਹੋਣ ਕਰਕੇ ਇੱਕ ਦਮ ਘੱਟ ਪੈ ਗਿਆ ਜੋ ਕੀ 1945 ਈ: ਤੱਕ ਚੱਲਦਾ ਰਿਹਾ | 1788 ਈ: ਤੋਂ 1972 ਈ: ਤੱਕ, 184 ਸਾਲਾਂ ਦੇ ਵਕਫੇ ਵਿੱਚ ਯੂਰਪੀਅਨ ਵਸੋਂ ਇੱਕ ਕਰੋੜ ਤੀਹ ਲੱਖ ਤੱਕ ਪਹੁੰਚ ਗਈ | ਅੱਜ ਦੀ ਜਨਗਣਨਾ ( 2017 ) ਅਨੁਸਾਰ ਆਸਟਰੇਲੀਆ ਦੀ ਜਨਸੰਖਿਆ 24,641,662 ਹੋ ਚੁੱਕੀ ਹੈ |
ਭਾਵੇਂ ਆਸਟਰੇਲੀਆ ਇੱਕ ਖੇਤੀ ਪ੍ਰਧਾਨ ਦੇਸ਼ ਹੈ ,ਪਰ ਇੱਥੋਂ ਦੇ ਲੋਕ ਜ਼ਿਆਦਾਤਰ ਵੱਡੇ ਵੱਡੇ ਸ਼ਹਿਰਾਂ ਵਿੱਚ ਹੀ ਰਹਿੰਦੇ ਹਨ | ਕੁੱਲ ਜਨਸੰਖਿਆ ਦਾ ਲਗਭਗ 85% ਹਿੱਸਾ ਪ੍ਰਾਂਤਾਂ ਦੀਆਂ ਰਾਜਧਾਨੀਆਂ ਵਿੱਚ ਹੀ ਰਹਿੰਦਾ ਹੈ | ਜੇਕਰ ਅਸੀਂ ਇਸਦੇ ਵਸੋਂ ਵਾਲੇ ਨਕਸ਼ੇ ਤੇ ਨਿਗ੍ਹਾਹ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਵਸੋਂ ਦੀ ਵੰਡ ਇੱਕੋ ਜਿਹੀ ਨਹੀਂ ਹੈ |
ਮਹਾਂਦੀਪ ਦੇ ਦੱਖਣ ਪੂਰਬੀ ਭਾਗਾਂ ਵਿੱਚ ਜਲਵਾਯੂ ਚੰਗੀ ਹੈ ਤੇ ਵਰਖਾ ਵੀ ਲੋੜ ਅਨੁਸਾਰ ਹੁੰਦੀ ਹੈ |ਉਦਯੋਗ ਤੇ ਆਰਥਿਕ ਸਾਧਨ ਕਾਫੀ ਵਿਕਸਿਤ ਹਨ ਜਿਸ ਕਰਕੇ ਜਿਆਦਾ ਵਸੋਂ ਵਿਕਟੋਰੀਆ ਤੇ ਨਿਊਸਾਉਥ-ਵੇਲਜ਼ ਦੇ ਪ੍ਰਾਂਤਾਂ ਵਿੱਚ ਪਾਈ ਜਾਂਦੀ ਹੈ | ਇੱਥੋਂ ਦੀਆਂ ਭੂਗੋਲਿਕ ਹਾਲਤਾਂ ਵਸੋਂ ਦੇ ਰਹਿਣ ਲਈ ਅਨੁਕੂਲ ਹਨ |
ਜਦੋਂ ਅਸੀਂ ਆਸਟਰੇਲੀਆ ਦੇ ਪੁਰਬ ਵੱਲੋਂ, ਪੱਛਮ ਵੱਲ ਨੂੰ ਚੱਲੀਏ ਤਾਂ ਖੁਸ਼ਕ,ਮਾਰੁਥਲੀ ਤੇ ਪਠਾਰੀ ਖੇਤਰ ਆਉਂਦਾ ਹੈ | ਇੱਥੇ ਵਰਖਾ ਨਾ ਮਾਤਰ ਹੋਣ ਕਰਕੇ ਅਤੇ ਬਹੁਤ ਜਿਆਦਾ ਗਰਮੀ ਪੈਣ ਕਰਕੇ ਇਹ ਖੇਤੀਬਾੜੀ ਲਈ ਅਨੁਕੂਲ ਨਹੀਂ ਹੈ | ਇਸ ਕਾਰਨ ਸਾਧਨ ਵਿਕਸਿਤ ਨਹੀਂ ਹਨ ਜਿਸ ਕਰਕੇ ਇਹਨਾਂ ਖੇਤਰਾਂ ਵਿੱਚ ਵਸੋਂ ਬਹੁਤ ਘੱਟ ਹੈ |
_____________________