ਭਾਰਤ ਦੇ ਨਕਸ਼ੇ ਉੱਤੇ ਦੇਖੀਏ ਤਾਂ ਪੰਜਾਬ ਤੋਂ ਲੈ ਕੇ ਅਸਾਮ ਤੱਕ ਅਤੇ ਉੱਤਰ ਪ੍ਰਦੇਸ਼ ਤੋਂ ਲੈ ਕੇ ਮੱਧ ਭਾਰਤ ਦੀ ਹੱਦ ਤੱਕ ਵਿਸ਼ਾਲ ਮੈਦਾਨ ਹੈ | ਇਹ ਮੈਦਾਨ ਹਿਮਾਲਿਆ ਪਰਬਤਾਂ ਵਿੱਚੋਂ ਨਿਕਲਣ ਵਾਲੀਆਂ ਨਦੀਆਂ ਕਾਰਣ ਦੁਨੀਆਂ ਦੇ ਉੱਤਮ ਕਿਸਮ ਦੇ ਉਪਜਾਊ ਮੈਦਾਨਾਂ ਵਿੱਚੋ ਇੱਕ ਹੈ | ਇਸ ਮੈਦਾਨ ਵਿੱਚ ਮਿੱਟੀ ਦੀਆਂ ਵੱਖ-ਵੱਖ ਤਹਿਆਂ ਦਾ ਨਿਖੇਪ ਲੰਬੇ ਸਮੇਂ ਤੱਕ ਨਿਰਵਿਘਨਤਾ ਨਾਲ ਪਾਣੀ ਵਿੱਚ ਹੁੰਦਾ ਰਿਹਾ ਹੈ |ਇਸ ਲਈ ਇਸ ਦੀ ਤਲਛੱਟ ਵਿੱਚ ਚੀਕਣੀ ਮਿੱਟੀ ,ਰੇਤ,ਦੋਮਟ ਅਤੇ ਸਿਲਟ ਜਿਆਦਾ ਮੋਟਾਈ ਵਿੱਚ ਮਿਲਦੀ ਹੈ | ਚੀਕਣੀ ਮਿੱਟੀ ਦਰਿਆਵਾਂ ਦੇ ਮੁਹਾਨਿਆਂ ਦੇ ਆਸ ਪਾਸ ਜ਼ਿਆਦਾ ਮਿਲਦੀ ਹੈ ਅਤੇ ਉੱਪਰਲੇ ਉੱਚੇ ਖੇਤਰਾਂ ਵਿੱਚ ਰੇਤ ਦੀ ਮਾਤਰਾ ਵੱਧਦੀ ਜਾਂਦੀ ਹੈ |
- ਧਰਾਤਲੀ ਭਿੰਨਤਾ : ਇਹ ਮੈਦਾਨ ਭਾਵੇ ਸਮਤਲ ਹੈ ਪਰ ਬਾਰੀਕੀ ਨਾਲ ਦੇਖਣ ਤੇ ਇਸ ਦੇ ਧਰਾਤਲ ਵਿੱਚ ਨਿਖੇਪ ਦੀਆਂ ਭਿੰਨਤਾਵਾਂ ਮਿਲਦੀਆਂ ਹਨ | ਤਲਛੱਟ ਦੇ ਕਾਫੀ ਦੇਰ ਤੱਕ ਜਮ੍ਹਾਂ ਹੁੰਦੇ ਰਹਿਣ ਦੇ ਕਾਰਣ ਹੀ ਇਸ ਵਿੱਚ ਹੇਠ ਲਿਖੇ ਜਲੋੜ੍ਹ ਦੇ ਮੈਦਾਨਾਂ ਦਾ ਨਿਰਮਾਣ ਹੋਇਆ ਹੈ |
- ਖਾਦਰ ਦੇ ਮੈਦਾਨ : ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਦੇ ਦਰਿਆਵਾਂ ਵਿੱਚ ਹਰੇਕ ਸਾਲ ਹੜ੍ਹ ਆ ਜਾਣ ਕਰਕੇ ਮਿੱਟੀ ਦੀਆਂ ਨਵੀਆਂ ਤਹਿਆਂ ਵਿੱਛ ਜਾਂਦੀਆਂ ਹਨ | ਅਜਿਹੇ ਦਰਿਆਵਾਂ ਦੇ ਆਸ ਪਾਸ ਵਾਲੇ ਹੜ੍ਹ ਦੇ ਅਸਰ ਵਾਲੇ ਖੇਤਰਾਂ ਨੂੰ ਖਾਦਰ ਦੇ ਮੈਦਾਨ ਕਹਿੰਦੇ ਹਨ | ਪੰਜਾਬ ਵਿੱਚ ਅਜਿਹੇ ਮੈਦਾਨੀ ਖੇਤਰਾਂ ਨੂੰ “ਬੇਟ” ਦੇ ਖੇਤਰ ਕਿਹਾ ਜਾਂਦਾ ਹੈ |
- ਬਾਂਗਰ ਦੇ ਮੈਦਾਨ : ਉਹ ਉੱਚੇ-ਮੈਦਾਨੀ ਖੇਤਰ ਜਿੱਥੇ ਹੜ੍ਹਾਂ ਰਾਹੀਂ ਦਰਿਆਵਾਂ ਦਾ ਪਾਣੀ ਨਹੀਂ ਪਹੁੰਚ ਸਕਦਾ ਅਤੇ ਜਿੱਥੇ ਪੁਰਾਣੀ ਜੰਮੀ ਤਲਛੱਟ ਵਿੱਚ ਚੁਨੇ ਦੇ ਕੰਕਰ ਪੱਥਰ ਜਿਆਦਾ ਮਾਤਰਾ ਵਿੱਚ ਮਿਲਦੇ ਹੋਣ, ਬਾਂਗਰ ਦੇ ਇਲਾਕੇ ਕਿਹਾ ਜਾਂਦਾ ਹੈ | ਪੰਜਾਬ, ਹਰਿਆਣੇ ਅਤੇ ਉਤਰਾਂਚਲ ਵਿੱਚ ਇਹਨਾਂ ਨੂੰ ਰੇਹ,ਕੱਲਰ ਜਾਂ ਢਾਹਿਆ ਵੀ ਕਿਹਾ ਜਾਂਦਾ ਹੈ |
- ਭਾਬਰ ਦੇ ਮੈਦਾਨ : ਜਦੋਂ ਉੱਤਰੀ ਭਾਰਤ ਦੇ ਦਰਿਆ ਸ਼ਿਵਾਲਿਕ ਪਹਾੜੀ ਖੇਤਰਾਂ ਨੂੰ ਛੱਡ ਕੇ ਇਕਦਮ ਪੱਧਰੇ ਇਲਾਕੇ ਵਿੱਚ ਪ੍ਰਵੇਸ਼ ਕਰਦੇ ਹਨ ਤਾਂ ਆਪਣੇ ਨਾਲ ਲਿਆਂਦੀ ਰੇਤ,ਕੰਕਰ,ਬਜਰੀ, ਪੱਥਰ ਅਤੇ ਗੀਟੇ ਆਦਿ ਦੇ ਜਮਾਅ ਨਾਲ ਜੋ ਮੈਦਾਨ ਹੋਂਦ ਵਿੱਚ ਆਉਂਦੇ ਹਨ ਉਸ ਨੂੰ ਭਾਬਰ ਜਾਂ ਘਾੜ ਦੇ ਮੈਦਾਨ ਕਿਹਾ ਜਾਂਦਾ ਹੈ | ਅਜਿਹੇ ਮੈਦਾਨੀ ਖੇਤਰਾਂ ਵਿੱਚ ਛੋਟੀਆਂ ਨਦੀਆਂ ਦਾ ਪਾਣੀ ਅਕਸਰ ਧਰਾਤਲ ਦੇ ਵਹਿਣ ਦੀ ਥਾਂ ਤੇ ਜਮੀਨ ਦੇ ਹੇਠ ਵਹਿੰਦਾ ਹੈ |
- ਤਰਾਈ ਦੇ ਮੈਦਾਨ : ਜਦੋਂ ਭਾਬਰ ਖੇਤਰ ਵਿੱਚਲੀਆਂ ਅਲੋਪ ਹੋਈਆਂ ਨਦੀਆਂ ਦਾ ਪਾਣੀ ਦੁਬਾਰਾ ਫਿਰ ਧਰਾਤਲ ਤੇ ਨਿਕਲ ਆਉਂਦਾ ਹੈ ਤਾਂ ਪਾਣੀ ਦੇ ਇੱਕਠਾ ਹੋ ਜਾਣ ਕਰਕੇ ਦਲਦਲੀ ਖੇਤਰ ਬਣ ਜਾਂਦੇ ਹਨ | ਇਹ ਸਿੱਲ੍ਹੀ ਤੇ ਦਲਦਲੀ ਭੂਮੀ ਵਾਲੀ ਸ਼ਿਵਾਲਿਕ ਪਹਾੜੀਆਂ ਦੇ ਸਮਾਨਅੰਤਰ ਫੈਲੀ ਲੰਬੀ ਪੱਟੀ ਜਿਸ ਵਿੱਚ ਗਰਮੀ ਤੇ ਨਮੀ ਦੇ ਕਾਰਣ ਸੰਘਣੇ ਵਣ ਤੇ ਜੰਗਲੀ ਜੀਵਾਂ ਦੀ ਭਰਮਾਰ ਹੋ ਜਾਂਦੀ ਹੈ ,ਤਰਾਈ ਦਾ ਮੈਦਾਨ ਅਖਵਾਉਂਦੀ ਹੈ |
- ਬੰਜਰ ਮੈਦਾਨ : ਉੱਤਰੀ ਪ੍ਰਾਇਦੀਪੀ ਪਠਾਰ ਅਤੇ ਪੱਛਮੀ ਸ਼ਿਵਾਲਿਕ ਪਹਾੜੀਆਂ ਦੇ ਆਧਾਰ ਦੇ ਪਾਸ ਨਦੀਆਂ, ਚੋਆਂ ਅਤੇ ਵਰਖਾ ਦੇ ਨਾਲੀਦਾਰ ਕਟਾਅ ਦੁਆਰਾ ਤੰਗ ਘਾਟੀਆਂ ਦੇ ਵੱਡੇ-ਵੱਡੇ ਖੱਡੇ ਬਣ ਜਾਂਦੇ ਹਨ | ਉੱਚੇ ਮੈਦਾਨੀ ਭਾਗਾਂ ਵਿੱਚ ਬੇਕਾਰ ਮਿਲਣ ਵਾਲੀ ਇਸ ਤਰ੍ਹਾਂ ਦੀ ਧਰਾਤਲ ਨੂੰ ਬੰਜਰ ਜ਼ਮੀਨ ਵਾਲ੍ਹੇ ਮੈਦਾਨ ਕਿਹਾ ਜਾਂਦਾ ਹੈ | ਇਹਨਾਂ ਮੈਦਾਨਾਂ ਵਿੱਚ ਭੂਮੀ ਦੀ ਉਪਜਾਊ-ਸ਼ਕਤੀ ਨਾ ਹੋਣ ਦੇ ਬਰਾਬਰ ਹੁੰਦੀ ਹੈ |
___________________