ਤੁਸੀਂ ਅੱਜਕਲ ਆਪਣੇ ਟੀ.ਵੀ.ਚੈਨਲ ਤੇ ਇੱਕ ਸਮਾਜਿਕ ਵਿਗਿਆਪਨ ਵਿੱਚ “ਦਰਵਾਜ਼ਾ ਬੰਦ” ਬਾਰੇ ਸੁਣਿਆ ਹੋਵੇਗਾ | ਇਸ ਵਿਗਿਆਪਨ ਵਿੱਚ ਤੁਸੀਂ ਅਮਿਤਾਭ ਬਚਨ ਅਤੇ ਅਨੁਸ਼ਕਾ ਸ਼ਰਮਾ ਨੂੰ ਦੇਖਿਆ ਹੋਵੇਗਾ | ਆਓ ਅੱਜ ਅਸੀਂ ਇਸ ਵਿਚਾਰ ਦੇ ਮੰਤਵ ਬਾਰੇ ਜਾਣੀਏ | ਡਰਿੰਕਿੰਗ ਵਾਟਰ ਐਂਡ ਸੈਨੀਟੇਸ਼ਨ ਮੰਤਰਾਲਿਆ ਦੇ ਵਿਭਾਗ ਨੇ ਦੇਸ਼ ਭਰ ਵਿੱਚ ਇੱਕ ਅਭਿਆਨ ਸ਼ੁਰੂ ਕੀਤਾ ਹੈ | ਇਸ ਅਭਿਆਨ ਦਾ ਸਿਰਲੇਖ ਹੀ “ਦਰਵਾਜ਼ਾ ਬੰਦ” ਹੈ | ਇਸਦਾ ਉਦੇਸ਼ ਟਾਇਲਟ ਦੀ ਵਰਤੋਂ ਵਾਸਤੇ ਆਮ ਜਨਤਾ ਨੂੰ ਉਤਸਾਹਿਤ ਕਰਨਾ ਹੈ | ਕਿਉਂਕਿ ਅਕਸਰ ਅਜਿਹੇ ਕੇਸ ਦੇਖੇ ਗਏ ਹਨ ਜਿੱਥੇ ਲੋਕਾਂ ਦੇ ਘਰਾਂ ਵਿੱਚ ਟਾਇਲਟ ਤਾਂ ਹੈ ਪਰ ਉਹ ਹਾਲੇ ਤੱਕ ਵੀ ਇਸਦਾ ਪ੍ਰਯੋਗ ਕਰਨ ਵਿੱਚ ਹਿਚਕਿਚਾਹਟ ਮਹਿਸੂਸ ਕਰਦੇ ਹਨ | ਦਰਵਾਜ਼ਾ ਬੰਦ ਇੱਕ ਸੰਕੇਤਕ ਸ਼ਬਦ ਹੈ ਜੋ ਖੁਲ੍ਹੇ ਵਿੱਚ ਸ਼ੌਚ ਕਰਨ ਵਾਲ੍ਹੀ ਆਦਤ ਨੂੰ ਪੱਕੇ ਤੌਰ ਤੇ ਬੰਦ ਕਰਨ ਲਈ ਆਖਦਾ ਹੈ | ਇਹ ਅਭਿਆਨ ਸਵੱਛ ਭਾਰਤ ਅਭਿਆਨ ਦਾ ਹੀ ਇੱਕ ਹਿੱਸਾ ਹੈ ਅਤੇ ਉਸੇ ਅਧੀਨ ਹੀ ਇਸਨੂੰ ਚਲਾਇਆ ਜਾ ਰਿਹਾ ਹੈ | ਇਸ “ਦਰਵਾਜ਼ਾ ਬੰਦ” ਅਭਿਆਨ ਦੀ ਸ਼ੁਰੁਆਤ ਮਹਾਰਾਸ਼ਟਰ ਵਿੱਚ ਸ਼ੁਰੂ ਕੀਤੀ ਗਈ ਸੀ | ਇਸ ਪ੍ਰੋਗਰਾਮ ਦੇ ਉਦਘਾਟਨ ਸਮਾਰੋਹ ਸਮੇਂ ਹਾਜ਼ਰ ਲੋਕਾਂ ਵਿੱਚ ਅਮਿਤਾਭ ਬਚਨ, ਡਰਿੰਕਿੰਗ ਵਾਟਰ ਐੰਡ ਸੈਨੀਟੇਸ਼ਨ ਵਿਭਾਗ ਅਤੇ ਮੰਤਰਾਲਿਆ ਦੇ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵੇਂਦਰ ਫੜਨਵੀਸ ਸਨ |
ਅਨੁਸ਼ਕਾ ਸ਼ਰਮਾ ਫਿਲਮੀ ਅਭਿਨੇਤਰੀ ਨੂੰ ਵੀ ਇਸ ਅਭਿਆਨ ਦਾ ਹਿੱਸਾ ਬਣਾਇਆ ਗਿਆ ਹੈ | ਉਹ ਔਰਤਾਂ ਨੂੰ ਇਸ ਮੁੱਦੇ ਉੱਤੇ ਖੁੱਲਕੇ ਬੋਲਣ ਅਤੇ ਕੰਮ ਕਰਨ ਲਈ ਅੱਗੇ ਆਉਣ ਲਈ ਪ੍ਰੇਰਿਤ ਕਰੇਗੀ | ਇੱਕ ਸਰਵੇਖਣ ਦੇ ਅਨੁਸਾਰ ਦੇਸ਼ ਲਗਪਗ 64 % ਓ.ਡੀ.ਐਫ. ਹੈ ( ODF : Open defecation Free ) ਜਿਸ ਵਿੱਚ ਮਾਹਾਸ਼ਟਰ ਦੀ ਸਥਿਤੀ 80 % ਓ.ਡੀ.ਐਫ. ਹੈ | ਪੂਰੇ ਦੇਸ਼ ਵਿੱਚ ਹੀ ਇਸਦੀ ਸਥਿਤੀ ਵਿੱਚ ਸੁਧਾਰ ਆਇਆ ਹੈ | ਮਈ 2014 ਵਿੱਚ 55 ਕਰੋੜ ਆਬਾਦੀ ਖੁਲ੍ਹੇ ਵਿੱਚ ਸ਼ੌਚ ਕਰਨ ਜਾਂਦੀ ਸੀ , ਮਈ 2017 ਵਿੱਚ ਇਹ ਅੰਕੜਾ 35 ਕਰੋੜ ਤੱਕ ਆ ਗਿਆ ਹੈ | ਇਸਦਾ ਮੁੱਖ ਕਾਰਣ ਹੈ ਕਿ ਸਰਕਾਰ ਵੱਲੋਂ ਲੋਕਾਂ ਨੂੰ ਇਸ ਕੰਮ ( ਟਾਇਲਟ ਬਨਾਉਣ ) ਵਾਸਤੇ ਸਹਾਇਤਾ ਦਿੱਤੀ ਜਾ ਰਹੀ ਹੈ | ਲੋਕ ਹੋਲ੍ਹੀ ਹੋਲ੍ਹੀ ਇਸ ਪ੍ਰਤੀ ਜਾਗਰੂਕ ਵੀ ਹੋ ਰਹੇ ਹਨ |
ਸਵੱਛ ਭਾਰਤ ਅਭਿਆਨ – ਸਵੱਛ ਭਾਰਤ ਅਭਿਆਨ ਭਾਰਤ ਸਰਕਾਰ ਦਾ ਇੱਕ ਬਹੁਤ ਵੱਡਾ ਅਭਿਆਨ ਹੈ ਜਿਸਦੀ ਸ਼ੁਰੁਆਤ ਮਹਾਤਮਾ ਗਾਂਧੀ ਦੇ ਜਨਮ ਦਿਵਸ 2 ਅਕਤੂਬਰ, 2014 ਨੂੰ ਹੋਈ ਸੀ | ਇਸ ਅਭਿਆਨ ਦੇ ਅੱਗੇ ਫਿਰ ਦੋ ਮਿਸ਼ਨ ਹਨ – ( 1 ) ਸਵੱਛ ਭਾਰਤ ਮਿਸ਼ਨ ਗ੍ਰਾਮੀਣ ਅਤੇ ( 2 ) ਸਵੱਛ ਭਾਰਤ ਮਿਸ਼ਨ ਸ਼ਹਿਰੀ | ਇਸ ਵਿੱਚ ਸ਼ਹਿਰੀ ਅਭਿਆਨ ਸ਼ਹਿਰੀ ਵਿਕਾਸ ਮੰਤਰਾਲਿਆ ਦੇ ਅਧੀਨ ਆਉਂਦਾ ਹੈ | ਸਵੱਛ ਭਾਰਤ ਅਭਿਆਨ ਦਾ ਉਦੇਸ਼ ਸਿਰਫ ਟਾਇਲਟ ਬਨਵਾਉਣ ਹੀ ਨਹੀਂ ਸਗੋਂ ਇਸ ਪ੍ਰੋਗਰਾਮ ਅਧੀਨ ਲੋਕਾਂ ਨੂੰ ਠੋਸ ਅਤੇ ਤਰਲ ਕਚਰੇ ਦੇ ਨਿਪਟਾਰੇ ਵਾਸਤੇ ਪ੍ਰਣਾਲੀ ਮੁਹਇਆ ਕਰਨਾ , ਅਤੇ 2 ਅਕਤੂਬਰ, 2019 ਤੱਕ ਪਿੰਡਾਂ ਵਿੱਚ ਸਾਫ਼ ਸੁੱਥਰਾ ਪੀਣ ਵਾਲਾ ਪਾਣੀ ਵੀ ਮੁਹਇਆ ਕਰਵਾਉਣਾ ਹੈ |
_________________________________________