ਉਦਯੋਗਾਂ ਲਈ ਰੀੜ੍ਹ ਦੀ ਹੱਡੀ – ਖਣਿਜ ਪਦਾਰਥ

ਕਿਸੇ ਰਾਸ਼ਟਰ ਲਈ ਖਣਿਜ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦੇ ਹਨ | ਖਣਿਜ ਉਦਯੋਗ ਧੰਦਿਆਂ ਦਾ ਜੀਵਨ ਆਧਾਰ ਹਨ | ਖਣਿਜ ਹੀ ਸਾਡੇ ਉਦਯੋਗਾਂ ਲਈ ਰੀੜ੍ਹ ਦੀ ਹੱਡੀ ਹੁੰਦੇ ਹਨ | ਕਿਉਂਕਿ ਇਹਨਾਂ ਦਾ ਦੇਸ਼ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਹੁੰਦਾ ਹੈ |ਮੱਧ-ਪੁਰਬ ਦੇ ਵੀਰਾਨ ਮਾਰੂਥਲ ਦੇ ਦੇਸ਼ ਅੱਜ ਪੈਟਰੋਲੀਅਮ ਦੇ ਉਤਪਾਦਨ ਕਾਰਣ ਹੀ ਅਮੀਰ ਹਨ ਅਤੇ ਉਹਨਾਂ ਦੇਸ਼ਾਂ ਵਿੱਚ ਉਦਯੋਗਿਕ ਵਿਕਾਸ ਹੋ ਰਿਹਾ ਹੈ | ਦੇਸ਼ ਦੇ ਵਿਕਾਸ ਕਾਰਣ ਹੀ ਲੋਕਾਂ ਦਾ ਜੀਵਨ ਪੱਧਰ ਉੱਚਾ ਉਠਦਾ ਹੈ |

ਭਾਰਤ ਖਣਿਜ ਪਦਾਰਥਾਂ ਦੇ ਭੰਡਾਰ ਵਿੱਚ ਕਾਫੀ ਅਮੀਰ ਹੈ | ਪਰ ਇੱਥੇ ਇਹਨਾਂ ਦਾ ਉਚਿੱਤ ਉਪਯੋਗ ਜਾਂ ਦੋਹਨ ਹਾਲੇ ਤੱਕ ਨਹੀਂ ਹੋ ਸਕਿਆ ਹੈ | ਇਸ ਤੋਂ ਇਲਾਵਾ ਇੱਥੇ ਪਾਏ ਜਾਣ ਵਾਲੇ ਖਣਿਜਾਂ ਦਾ ਆਪਣਾ ਮਹੱਤਵ ਹੈ | ਕੁਝ ਖਣਿਜਾਂ ਵਿੱਚ  ਸਾਡਾ ਦੇਸ਼ ਕਾਫੀ ਅਮੀਰ ਹੈ ਜਦਕਿ ਦੂਜੇ ਖਣਿਜਾਂ ਵਿੱਚ ਇਹ ਕਾਫੀ ਪਿੱਛੜਿਆ ਹੋਇਆ ਹੈ | ਲੋਹਾ,ਅਬਰਕ, ਮੈਂਗਨੀਜ਼, ਬਾਕਸਾਇਟ ਅਤੇ ਜਿਪਸਮ ਅਤੇ ਕੋਲ੍ਹਾ ਇੱਥੇ ਕਾਫੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਜਦਕਿ ਚਾਂਦੀ, ਤਾਂਬਾ, ਟਿਨ, ਸੀਸਾ, ਪਾਰਾ ਅਤੇ ਨਿੱਕਲ ਆਦਿ ਵਰਗੇ ਖਣਿਜ ਬਹੁਤ ਘੱਟ ਮਾਤਰਾ ਵਿੱਚ ਮਿਲਦੇ ਹਨ | ਇਹ ਗੱਲ ਧਿਆਨ ਦੇਣ ਯੋਗ ਹੈ ਕਿ ਭਾਰਤ ਉਹਨਾਂ ਖਣਿਜਾਂ ਵਿੱਚ ਅਮੀਰ ਹੈ ਜੋ ਕਿਸੇ ਦੇਸ਼ ਦੇ ਉਦਯੋਗਿਕ ਵਿਕਾਸ ਦਾ ਆਧਾਰ ਹੁੰਦੇ ਹਨ | ਭਾਰਤ ਵਿੱਚ ਮਿਲਣ ਵਾਲ੍ਹੇ ਕੁਝ ਖਣਿਜ ਪਦਾਰਥਾਂ ਦਾ ਵਰਣਨ ਹੇਠ ਲਿਖਿਆ ਹੈ |

ਅਬਰਕ : ਸੰਸਾਰ ਦੇ ਲਗਭਗ ਸੱਠ ਪ੍ਰਤੀਸ਼ੱਤ ਅਬਰਕ ਦਾ ਉਤਪਾਦਨ ਭਾਰਤ ਵਿੱਚ ਹੀ ਹੁੰਦਾ ਹੈ | ਇਹ ਬਿਜਲੀ ਉਦਯੋਗਾਂ ਦਾ ਮੁੱਖ ਆਧਾਰ ਹੈ | ਅੰਤਰ-ਰਾਸ਼ਟਰੀ ਬਜਾਰ ਵਿੱਚ ਦੋ-ਤਿਹਾਈ ਅਬਰਕ ਭਾਰਤ ਦਾ ਹੀ ਹੁੰਦਾ ਹੈ | ਝਾਰਖੰਡ ਦੇ ਹਜਾਰੀਬਾਗ ਅਤੇ ਬਿਹਾਰ ਦੇ ਗਯਾ ਅਤੇ ਮੁੰਗੇਰ ਜਿਲ੍ਹਿਆਂ ਵਿੱਚ ਭਾਰਤ ਦੇ ਅੱਧੇ ਅਬਰਕ ਦਾ ਉਤਪਾਦਨ ਹੁੰਦਾ ਹੈ | ਅਬਰਕ ਦੇ ਬਾਕੀ ਭਾਗ ਦਾ ਅੱਧਾ ਉਤਪਾਦਨ ਆਂਧਰਾ ਪ੍ਰਦੇਸ਼ ਦੇ ਨੈਲੋਰ ਅਤੇ ਰਾਜਸਥਾਨ ਦੇ ਭੀਲਵਾੜਾ ਜਿਲ੍ਹਿਆਂ ਵਿੱਚ ਹੁੰਦਾ ਹੈ |

ਬਾਕ੍ਸਾਇਟ : ਬਾਕਸਾਇਟ ਦੀ ਕੱਚੀ ਧਾਤ ਤੋਂ ਐਲੁਮੀਨੀਅਮ ਧਾਤ ਪ੍ਰਾਪਤ ਕੀਤੀ ਜਾਂਦੀ ਹੈ | ਹਲਕੀ ਹੋਣ ਦੇ ਕਾਰਣ ਇਹ ਧਾਤ ਬਹੁਤ ਹੀ ਉਪਯੋਗੀ ਸਿੱਧ ਹੁੰਦੀ ਹੈ | ਹਵਾਈ ਜਹਾਜ ਉਦਯੋਗ ਲਈ ਇਸ ਧਾਤ ਦਾ ਬੜਾ ਮਹੱਤਵ ਹੈ | ਬਿਜਲੀ ਨਾਲ ਸਬੰਧਿਤ ਉਦਯੋਗਾਂ ਅਤੇ ਸਧਾਰਨ ਜੀਵਨ ਵਿੱਚ ਵੀ ਇਸਦਾ ਉਪਯੋਗ ਵੱਧਦਾ ਜਾ ਰਿਹਾ ਹੈ | ਝਾਰਖੰਡ , ਗੁਜਰਾਤ, ਅਤੇ ਮੱਧ ਪ੍ਰਦੇਸ਼ ਬਾਕ੍ਸਾਇਟ ਦੇ ਮੁੱਖ ਉਤਪਾਦਕ ਰਾਜ ਹਨ | ਬਾਕ੍ਸਾਇਟ ਮਹਾਰਾਸ਼ਟਰ ਦੇ ਕੋਲਹਾਪੁਰ ਜਿਲ੍ਹੇ ਵਿਚ ਵੀ ਪਾਇਆ ਜਾਂਦਾ ਹੈ | ਪਿਛਲੇ ਕੁਝ ਸਾਲਾਂ ਵਿਚ ਉੜੀਸਾ ਦੇ ਬਾਕ੍ਸਾਇਟ ਭੰਡਾਰਾਂ ਦਾ ਵਿਕਾਸ ਕੀਤਾ ਗਿਆ ਹੈ |

ਮੈਂਗਨੀਜ਼ : ਮੈਂਗਨੀਜ਼ ਦਾ ਉਪਯੋਗ ਮਿਸ਼ਰਤ ਧਾਤ ਬਨਾਉਣ ਲਈ ਕੀਤਾ ਜਾਂਦਾ ਹੈ | ਇਹੀ ਕਾਰਣ ਹੈ ਕਿ ਇਸਦਾ ਮਹੱਤਵ ਵੱਧਦਾ ਜਾ ਰਿਹਾ ਹੈ | ਉੜੀਸਾ ਵਿਚ ਮੈਂਗਨੀਜ਼ ਦੀਆਂ ਖਾਣਾਂ ਕਿਓਂਝਰ ਅਤੇ ਮਿਉਰਭੰਜ ਵਿਚ ਪਾਈਆਂ ਜਾਂਦੀਆਂ ਹਨ | ਕਰਨਾਟਕ ਵਿਚ ਇਸ ਦੀਆਂ ਖਾਣਾਂ ਚਿੱਤਰ-ਦੁਰਗ, ਸਿਮੋਗਾ, ਚਿਕਮੰਗਲੂਰ , ਬੇਲਗਾਮ , ਧਾਰਵਾੜ ਅਤੇ ਉੱਤਰ ਕੰਨੜ ਜਿਲ੍ਹਿਆਂ ਵਿਚ ਹਨ | ਝਾਰਖੰਡ ਦੇ ਸਿੰਘਭੂਮ ਅਤੇ ਆਂਧਰਾ ਪ੍ਰਦੇਸ਼ ਦੇ ਨਿਜਾਮਾਬਾਦ ਵਿਚ ਵੀ ਮੈਂਗਨੀਜ਼ ਮਿਲਦਾ ਹੈ |

ਤਾਂਬਾ : ਸਿੱਕੇ ਅਤੇ ਘਰੇਲੂ ਬਰਤਨ ਬਨਾਉਣ ਲਈ ਤਾਂਬੇ ਦਾ ਬਹੁਤ ਉਪਯੋਗ ਹੁੰਦਾ ਸੀ , ਪ੍ਰੰਤੂ ਅੱਜ-ਕੱਲ ਇਹ ਬਿਜਲੀ ਦੇ ਉਦਯੋਗਾਂ ਲਈ ਬਹੁਤ ਹੀ ਜਰੂਰੀ ਹੋ ਗਿਆ ਹੈ , ਕਿਉਂਕਿ ਇਹ ਬਿਜਲੀ ਦਾ ਉੱਤਮ ਸੁਚਾਲਕ ਹੈ | ਅੱਜ-ਕੱਲ ਦੇਸ਼ ਦਾ ਜ਼ਿਆਦਾਤਰ ਤਾਂਬਾ ਝਾਰਖੰਡ ਦੇ ਸਿੰਘਭੂਮ , ਮੱਧ ਪ੍ਰਦੇਸ਼ ਦੇ ਬਾਲਾਘਾਟ ਅਤੇ ਰਾਜਸਥਾਨ ਦੇ ਝੁੰਨਝੁੰਨੂੰ ਅਤੇ ਅਲਵਰ ਜਿਲ੍ਹਿਆਂ ਵਿੱਚ ਕੱਢਿਆ ਜਾਂਦਾ ਹੈ | ਆਂਧਰਾ ਪ੍ਰਦੇਸ਼ ਦੇ ਖਮਮ , ਕਰਨਾਟਕ ਦੇ ਚਿੱਤਰਦੁਰਗ ਅਤੇ ਹਸਨ ਜਿਲ੍ਹਿਆਂ ਅਤੇ ਸਿੱਕਿਮ ਵਿਚ ਵੀ ਥੋੜੇ ਬਹੁਤ ਤਾਂਬੇ ਦਾ ਉਤਪਾਦਨ ਹੁੰਦਾ ਹੈ |

    _____________________________

ਪੰਜਾਬ ਬਾਰੇ ਕੁਝ ਮਹੱਤਵਪੂਰਨ ਆਮ ਜਾਣਕਾਰੀ

 1. ਅਟਾਰੀ ਬਾਰਡਰ ( ਅੰਮ੍ਰਿਤਸਰ ) ਵਿਖੇ ਝੰਡਾ ਨੀਵਾਂ ਕਰਨ ਦੀ ਰਸਮ ਨੂੰ ਦੇਖਣ ਲਈ ਹਜ਼ਾਰਾਂ ਲੋਕ ਰੋਜ਼ਾਨਾ ਇਕੱਠੇ ਹੁੰਦੇ ਹਨ|
 2. ਪੰਜਾਬ ਦੀਆਂ ਪੇਂਡੂ ਓਲੰਪਿਕ ਖੇਡਾਂ ਲੁਧਿਆਣੇ ਤੋਂ ਛੇ ਕਿਲੋਮੀਟਰ ਦੁਰ ਕਿਲ੍ਹਾ ਰਾਏਪੁਰ ਵਿੱਚ ਹਰ ਸਾਲ ਹੁੰਦੀਆਂ ਹਨ |
 3. 21, ਫਰਵਰੀ ਨੂੰ ‘ਵਿਸ਼ਵ ਮਾਂ ਬੋਲੀ ਦਿਵਸ’ ਹਰ ਵਰ੍ਹੇ ਪੰਜਾਬ ਵਿੱਚ ‘ਮਾਂ ਬੋਲੀ ਪੰਜਾਬੀ ਦਿਵਸ’ ਮਨਾਇਆ ਜਾਂਦਾ ਹੈ |
 4. ਜਲ੍ਹਿਆਂ ਵਾਲੇ ਬਾਗ ਵਿੱਚ ਹੋਏ ਕਾਂਡ ਦਾ ਬਦਲਾ ਸ਼ਹੀਦ ਉਧਮ ਸਿੰਘ ਨੇ ਜਨਰਲ ਓਡਵਾਇਰ ਨੂੰ ਇੰਗਲੈਂਡ ਵਿੱਚ ਮਾਰਕੇ ਲਿਆ ਸੀ |
 5. ਪੰਜਾਬ ਦੇ ਪਹਿਲੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਸਨ |
 6. ਪੰਜਾਬ ਦੀ ਵਿਧਾਨ ਸਭਾ ਵਿੱਚ 117 ਮੈਂਬਰ ਹੁੰਦੇ ਹਨ | ਲੋਕ ਸਭਾ ਵਿੱਚ 13 ਅਤੇ ਰਾਜ ਸਭਾ ਵਿੱਚ  7 ਮੈਂਬਰ ਭੇਜੇ ਜਾਂਦੇ ਹਨ |
 7. ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਸਿੱਖਿਆ ਦਰ ਪੰਜਾਬ ਵਿੱਚ ਸਭ ਤੋਂ ਵੱਧ ਹੈ |
 8. ਸਭ ਤੋਂ ਘੱਟ ਪੜਿਆ ਲਿਖਿਆ ਜਿਲ੍ਹਾ ਮਾਨਸਾ ਹੈ |
 9. ਸਭ ਤੋਂ ਘੱਟ ਖੇਤਰਫਲ ਵਾਲਾ ਜਿਲਾ ਪਠਾਨਕੋਟ ਹੈ |
 10. ਸਭ ਤੋਂ ਘੱਟ ਘਣਤਾ ਵਾਲਾ ਜਿਲ੍ਹਾ ਮੁਕਤਸਰ ਹੈ |
 11. ਸਭ ਤੋਂ ਵੱਧ ਜਨਸੰਖਿਆ ਵਾਲਾ ਜਿਲ੍ਹਾ ਲੁਧਿਆਣਾ ਹੈ |
 12. ਸ਼ਹੀਦ ਭਗਤ ਸਿੰਘ ਨੂੰ ਅਸੈਂਬਲੀ ਵਿੱਚ ਬੰਬ ਸੁੱਟਣ ਕਾਰਣ 23 ਮਾਰਚ 1931ਈ: ਨੂੰ ਫਾਂਸੀ ਦੇ ਦਿੱਤੀ ਗਈ |
 13. ਮਦਨ ਲਾਲ ਢੀਂਗਰਾ ਨੇ ਲੰਦਨ ਵਿਖੇ ਕਰਨਲ ਵਿਲੀਅਮ ਕਰਜ਼ਨ ਵਾਇਲੀ ਨੂੰ ਗੋਲੀ ਮਾਰੀ ਸੀ |
 14. ਖਾਲਸਾ ਸ਼ਬਦ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸਦਾ ਅਰਥ ਹੈ ਸ਼ੁੱਧ, ਅਤੇ ਖਰਾ |
 15. ਸਭ ਤੋਂ ਪਹਿਲਾਂ ਸਿੱਖ ਰਾਜ ਬੰਦਾ ਸਿੰਘ ਬਹਾਦੁਰ ਨੇ ਕਾਇਮ ਕੀਤਾ ਸੀ | ਉਸਨੇ ਇੱਕ ਸਿੱਖ-ਸਿੱਕਾ ਵੀ ਜ਼ਾਰੀ ਕੀਤਾ ਸੀ |
 16. ਬੰਦਾ ਸਿੰਘ ਬਹਾਦੁਰ ਦਾ ਪਹਿਲਾ ਨਾਮ ਲਛਮਣ ਦਾਸ ਸੀ | ਘਰ ਬਾਹਰ ਤਿਆਗਣ ਤੋਂ ਬਾਅਦ ਉਹ ਜਾਨਕੀ ਪ੍ਰਸਾਦ ਦਾ ਚੇਲਾ ਬਣ ਗਿਆ ਸੀ |ਬੈਰਾਗੀ ਬਣਨ ਤੋਂ ਬਾਅਦ ਲਛਮਣ ਦਾਸ ਦਾ ਨਾਮ ਮਾਧੋ ਦਾਸ ਪਾਈ ਗਿਆ |
 17. ਮਾਧੋ ਦਾਸ ਦਾ ਡੇਰਾ ਗੋਦਾਵਰੀ ਨਦੀ ਕੰਡੇ ਤੇ ਸਥਿੱਤ ਸੀ |
 18. ਚੰਡੀਗੜ੍ਹ ਵਿੱਚ ਤੇਰ੍ਹਾਂ ਨੰਬਰ ਸੈਕਟਰ ਨਹੀਂ ਹੈ |
 19. ਸਤਲੁਜ ਦਰਿਆ ਦਾ ਪੁਰਾਣਾ ਨਾਮ ਸ਼ਤੁਦਰੀ  ਹੈ |
 20. ਸਤਲੁਜ ਦਰਿਆ ਕੰਡੋ ਦੋ ਪ੍ਰਸਿੱਧ ਅਤੇ ਵੱਡੇ ਸ਼ਹਿਰ ਹਨ ਲੁਧਿਆਣਾ ਅਤੇ ਫਿਰੋਜ਼ਪੁਰ |
 21. ਨਾਦਰ ਸ਼ਾਹ ਦੇ ਹਮਲੇ ਤੋਂ ਬਾਅਦ ਸਿੱਖਾਂ ਨੇ ‘ਦਲ ਖਾਲਸਾ’ ਦੀ ਨੀਂਹ ਰੱਖੀ ਸੀ |
 22. ਹਰਿਮੰਦਿਰ  ਸਾਹਿਬ ਦੀ ਸਥਾਪਨਾ ਸ਼੍ਰੀ ਗੁਰੂ ਅਰਜੁਨ ਦੇਵ ਜੀ ਨੇ ਕੀਤੀ ਸੀ |
 23. ਮੋਹਾਲੀ ਨੂੰ ਪੰਜਾਬ ਦੀ ਸਿਲੀਕੋਨ ਵੈਲੀ ਵੀ ਕਿਹਾ ਜਾਂਦਾ ਹੈ |
 24. ਪੰਜਾਬ ਵਿੱਚ ਖਾਦ ਦਾ ਸਭ ਤੋਂ ਵੱਡਾ ਕਾਰਖਾਨਾ ਨੰਗਲ ਵਿਖੇ ਹੈ |
 25. ਧੁੱਸੀ ਬੰਨ ਬਿਆਸ ਦਰਿਆ ਉੱਤੇ ਉਸਾਰਿਆ ਗਿਆ ਹੈ |
 26. ਪੰਜਾਬ ਦੇ ਇਤਿਹਾਸ ਦੀ ਸ਼ੁਰੁਆਤ ਸਿੰਧੁ ਘਾਟੀ ਦੀ ਸਭਿਅਤਾ ਤੋਂ ਸ਼ੁਰੂ ਹੁੰਦੀ ਹੈ |
 27. ਵਿਸ਼ਵ ਦੇ ਪ੍ਰਸਿੱਧ ਗ੍ਰੰਥ ਰਿਗਵੇਦ ਅਤੇ ਹੋਰ ਸਾਰਾ ਹਿੰਦੂ ਸਾਹਿੱਤ ਪੰਜਾਬ ਵਿੱਚ ਹੀ ਰਚਿਆ ਗਿਆ ਸੀ |
 28. ਜਲੰਧਰ ਸ਼ਹਿਰ ਰਾਮਾਇਣ ਕਾਲ ਤੋਂ ਵੀ ਪੁਰਾਣਾ ਸ਼ਹਿਰ ਹੈ |
 29. ਪੰਜਾਬ ਦਾ ਭਾਦਸੋਂ ਕਸਬਾ ਸਭ ਤੋਂ ਵੱਧ ਕੰਬਾਈਨ ਬਨਾਉਣ ਲਈ ਪ੍ਰਸਿੱਧ ਹੈ |
 30. ਰੇਲਾਂ ਦਾ ਸਭ ਤੋਂ ਵੱਡਾ ਜੰਕਸ਼ਨ ਬਠਿੰਡਾ ਸ਼ਹਿਰ ਹੈ |
 31. ਅੰਮ੍ਰਿਤਸਰ ਦਾ ਪੁਰਾਣਾ ਨਾਮ ਰਾਮਦਾਸ ਨਗਰ ਸੀ |
 32. ਨਵਾਂ ਸ਼ਹਿਰ ( ਹੁਣ ਸ਼ਹੀਦ ਭਗਤ ਸਿੰਘ ਸ਼ਹਿਰ ) ਦਾ ਪੁਰਾਣਾ ਨਾਮ ਨੌਸ਼ਰ ਸੀ |
 33. ਲੁਧਿਆਣਾ ਸ਼ਹਿਰ ਦੀ ਸਥਾਪਨਾ ਲੋਧੀ ਵੰਸ਼ ਵੇਲੇ ਹੋਈ ਸੀ | ਇਸਦ ਪੁਰਾਣਾ ਨਾਮ ਲੋਧੀ ਆਨਾ ਸੀ |
 34. ਪਟਿਆਲਾ ਸ਼ਹਿਰ ਬਾਬਾ ਆਲਾ ਸਿੰਘ ਨੇ ਵਸਾਇਆ ਸੀ |
 35. ਮੁਕਤਸਰ ਦਾ ਪੁਰਾਣਾ ਨਾਮ ਖਿਦਰਾਨਾ ਸੀ |
 36. ਇੰਕਲਾਬ ਜਿੰਦਾਬਾਦ ਦਾ ਨਾਅਰਾ ਸ਼ਹੀਦ ਭਗਤ ਸਿੰਘ ਦੀ ਦੇਣ ਹੈ |
 37. ਗਾਇਕਾ ਸੁਰਿੰਦਰ ਕੋਰ ਨੂੰ ਪੰਜਾਬ ਦੀ ਕੋਇਲ ਕਿਹਾ ਜਾਂਦਾ ਹੈ |
 38. “ਬਚਿੱਤਰ ਨਾਟਕ”  ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਜੀਵਨੀ ਹੈ |
 39. ਅੰਮ੍ਰਿਤਾ ਪ੍ਰੀਤਮ ਦੀ ਜੀਵਨੀ ਦਾ ਨਾਮ “ਰਸੀਦੀ ਟਿਕਟ” ਹੈ |
 40. ਸ਼ਿਵ ਕੁਮਾਰ ਬਟਾਲਵੀ ਨੂੰ ਉਸਦੀ ਰਚਨਾ “ਲੂਣਾ” ਵਾਸਤੇ ਉਸਨੂੰ ਸਾਹਿੱਤ ਅਕਾਦਮੀ ਪੁਰਸਕਾਰ ਮਿਲਿਆ ਸੀ |

 

__________________________________