ਬੰਗਾਲ ਦੀ ਵੰਡ ( 1905 ) ਦੀ ਅਸਲੀਅਤ ਅਤੇ ਇਸਦੇ ਦੂਰਗਾਮੀ ਪ੍ਰਭਾਵ

ਬੰਗਾਲ ਦੀ ਵੰਡ ਭਾਰਤ ਦੀ ਰਾਸ਼ਟਰੀ ਜਾਗ੍ਰਿਤੀ ਵਿੱਚ ਵਾਧਾ ਕਰਨ ਵਿੱਚ ਇੱਕ ਵਿਲੱਖਣ ਮੋੜ ਸਿੱਧ ਹੋਈ | ਭਾਵੇਂ ਲਾਰਡ ਕਰਜ਼ਨ ਨੇ ਇਸ ਵੰਡ ਨੂੰ ਸਹੀ ਠਹਿਰਾਉਣ ਲਈ ਕੁਝ ਵੀ ਕਾਰਨ ਦੱਸੇ ਹੋਣ | ਪਰ ਇਹ ਗੱਲ ਸਪਸ਼ਟ ਹੈ ਕਿ ਬੰਗਾਲ ਦੀ ਵੰਡ ਤੋਂ ਬਾਅਦ ਹੀ ਭਾਰਤੀ ਲੋਕਾਂ ਵਿੱਚ ਅਮਲੀ ਤੌਰ ਤੇ ਰਾਸ਼ਟਰੀ ਭਾਵਨਾਵਾਂ ਨੇ ਜਨਮ ਲੈਣਾਂ ਸ਼ੁਰੂ ਕੀਤਾ ਸੀ | ਇਸਤੋਂ ਪਹਿਲਾਂ ਭਾਵੇਂ 1857 ਈ. ਦਾ ਵਿਦਰੋਹ ਹੋਵੇ ਜਾਂ ਹੋਰਾਂ ਥਾਈਂ ਹੋਣ ਵਾਲੇ ਸਥਾਨਕ ਅੰਦੋਲਨ ਹੋਣ , ਬਾਕੀ ਸਭ ਅੰਦੋਲਨਾਂ ਦਾ ਪ੍ਰਭਾਵ ਜਾਂ ਤਾਂ ਸਥਾਨਕ ਰਿਹਾ ਜਾਂ ਫਿਰ ਕੁਝ ਸਮਾਂ ਪਾ ਕੇ ਉਸਦਾ ਪ੍ਰਭਾਵ ਨਜ਼ਰਾਂ ਤੋ ਉਹਲੇ ਹੋ ਗਿਆ |

ਪਰ ਬੰਗਾਲ ਦੀ ਵੰਡ ਦਾ ਦੂਰਗਾਮੀ ਅਸਰ ਹੋਇਆ ਕਿਉਂਕਿ ਇਸਨੇ ਕੇਵਲ ਰਾਜਨੀਤਿਕ ਨੇਤਾਵਾਂ ਵਿੱਚ ਹੀ ਕਿਰਿਆਸ਼ੀਲਤਾ ਨਹੀਂ ਲਿਆਂਦੀ ਸਗੋਂ ਆਮ ਭਾਰਤੀ ਜਨਮਾਨਸ ਨੂੰ ਵੀ ਝਿੰਜੋੜਿਆ ਅਤੇ ਉਹਨਾਂ ਨੂੰ ਇਹ ਅਹਿਸਾਸ ਦਿਵਾਇਆ ਕਿ ਅੰਗ੍ਰੇਜੀ ਸਰਕਾਰ ਨੂੰ ਭਾਰਤੀਆਂ ਦੀਆਂ ਭਾਵਨਾਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ | ਉਹ ਤਾਂ ਸਿਰਫ “ ਪਾੜੋ ਅਤੇ ਰਾਜ ”  ਕਰੋ ਦੀ ਨੀਤੀ ਉੱਤੇ ਚੱਲ ਕੇ ਦੇਸ਼ ਵਿੱਚ ਆਪਣਾ ਰਾਜ ਚਲਾਉਣਾ ਚਾਹੁੰਦੇ ਹਨ | ਦੂਜੇ ਪਾਸੇ ਅੰਗਰੇਜਾਂ ਨੇ ਭਾਵੇਂ ਬਾਅਦ ਵਿੱਚ ਬੰਗਾਲ ਦੀ ਵੰਡ ਨੂੰ ਨਿਰਸਤ ਕਰ ਦਿੱਤਾ ਪਰ ਉਹਨਾਂ ਨੇ ਇਸੇ ਘਟਨਾਂ ਤੋਂ ਬਾਅਦ ਹੀ ਕਮਿਉਨਲ ਕਾਰਡ ਖੇਡਣਾ ਸ਼ੁਰੂ ਕੀਤਾ ਸੀ | ਕਿਉਂਕਿ ਅੰਗ੍ਰੇਜੀ ਸਰਕਾਰ ਨੇ ਬੰਗਾਲ ਵੰਡ ਦੌਰਾਨ ਹੀ ਦੋਹਾਂ ਕਮਿਉਨਿਟੀ ਦੇ ਲੀਡਰਾਂ ਦੇ ਦਿਲ ਦੀਆਂ ਭਾਵਨਾਂਵਾਂ ਨੂੰ ਸਮਝ ਲਿਆ ਸੀ ਕਿ ਉਹ ਇਸ ਵੰਡ ਦੇ ਵਿਰੁੱਧ ਕਿਉਂ ਹਨ | ਜਦਕਿ ਇਸ ਤੋਂ ਪਹਿਲਾਂ ਕੋਈ ਵੀ ਘਟਨਾ ਅਜਿਹੀ ਨਹੀਂ ਹੋਈ ਸੀ ਜਿਥੋਂ ਅੰਗਰੇਜਾਂ ਨੇ ਹਿੰਦੂ ਅਤੇ ਮੁਸਲਿਮ ਭਾਵਨਾਂਵਾਂ ਨੂੰ ਭਾਂਪਿਆ ਹੋਵੇ |

ਲਾਰਡ ਕਰਜ਼ਨ ਨੇ ਬੰਗਾਲ ਦੀ ਵੰਡ ਕਰਨ ਦੇ ਪੱਖ ਵਿੱਚ ਜੋ ਦਲੀਲਾਂ ਦਿੱਤੀਆਂ ਉਹਨਾਂ ਵਿੱਚ ਮੁੱਖ ਦਲੀਲ ਪ੍ਰਸ਼ਾਸਨਕ ਆਧਾਰ ਸੀ |ਉਸਦੇ ਅਨੁਸਾਰ ਬੰਗਾਲ ਦਾ ਖੇਤਰ ਬਹੁਤ ਵਿਸ਼ਾਲ ਹੈ ਅਤੇ ਇੰਨੇਂ ਵੱਡੇ ਖੇਤਰ ਉੱਤੇ ਪ੍ਰਸ਼ਾਸਨਕ ਅਧਿਕਾਰੀ ਲਈ ਕੰਮ ਕਰਨਾ ਬਹੁਤ ਮੁਸ਼ਕਿਲ ਹੈ | ਯਾਦ ਰਹੇ ਕਿ ਬੰਗਾਲ ਦੀ ਵੰਡ ਤੋਂ ਪਹਿਲਾਂ ਇਸ ਵਿੱਚ ਬਿਹਾਰ , ਉੜੀਸਾ ਅਤੇ ਅਸਾਮ ਦੇ ਵੀ ਇਲਾਕੇ ਸ਼ਾਮਿਲ ਸਨ | ਉਸ ਸਮੇਂ ਇਹ ਖੇਤਰ ਬਹੁਤ ਅਧਿਕ ਜਨਸੰਖਿਆ ਘਣਤਾ ਵਾਲਾ ਵੀ ਸੀ | ਸਨ 1874 ਈ. ਵਿੱਚ ਬ੍ਰਿਟਿਸ਼ ਸਰਕਾਰ ਨੇ ਅਸਾਮ ਨੂੰ ਬੰਗਾਲ ਤੋਂ ਅਲਗ ਕਰ ਦਿੱਤਾ ਸੀ | ਇਸਨੂੰ ਇੱਕ ਅਲਗ ਚੀਫ਼ ਕਮਿਸ਼ਨਰ ਪ੍ਰਾਂਤ ਬਣਾ ਦਿੱਤਾ ਗਿਆ | ਬਾਅਦ ਵਿੱਚ ਇਸ ਵਿੱਚ ਬੰਗਾਲੀ ਭਾਸ਼ਾ ਦਾ ਖੇਤਰ ਸਿਲਹਟ ਵੀ ਜੋੜ ਦਿੱਤਾ ਗਿਆ | ਅਸਾਮ ਦੇ ਖੇਤਰ ਵਿੱਚ ਸਨ 1897 ਈ. ਵਿੱਚ ਦੁਬਾਰਾ ਵਾਧਾ ਕੀਤਾ ਗਿਆ ਜਦੋਂ ਇਸ ਵਿੱਚ ਬੰਗਾਲ ਤੋਂ ਦੱਖਣੀ ਲੁਸ਼ਾਈ ਪਹਾੜੀ ਲੜੀ ਵੀ ਇਸ ਨਾਲ ਜੋੜ ਦਿੱਤੀ ਗਈ | ਬੰਗਾਲ ਉੱਤੇ ਅਸਲੀ ਵੰਡ ਦਾ ਹਮਲਾ ਤਾਂ 1899 ਈ. ਵਿੱਚ ਹੋਇਆ ਜਦੋਂ ਲਾਰਡ ਕਰਜ਼ਨ ਨੇ ਕਲਕੱਤਾ ਕਾਰਪੋਰੇਸ਼ਨ ਦੇ ਚੁਣੇ ਹੋਏ ਮੈਂਬਰਾਂ ਦੀ ਗਿਣਤੀ ਨੂੰ ਵੀ ਘਟਾ ਦਿੱਤਾ | ਗਿਣਤੀ ਵਿੱਚ ਇਹ ਕਮੀ ਸਿਰਫ ਕੁਝ ਯੂਰਪੀ ਵਪਾਰੀਆਂ ਦੀ ਇੱਛਾ ਨੂੰ ਸ਼ਾਂਤ ਕਰਨ ਵਾਸਤੇ ਕੀਤੀ ਗਈ | ਉਹਨਾਂ ਦਾ ਕਹਿਣਾ ਸੀ ਕਿ ਇਸ ਨਾਲ ਲਾਈਸੈਂਸ ਅਤੇ ਹੋਰ ਸਹੂਲਤਾਂ ਲੈਣ ਵਿੱਚ ਦੇਰੀ ਹੋ ਰਹੀ ਸੀ | ਸਨ 1905 ਈ. ਵਿੱਚ ਕੀਤੀ ਗਈ ਬੰਗਾਲ ਦੀ ਵੰਡ ਨੂੰ ਭਾਰਤੀ ਰਾਸ਼ਟਰੀਅਤਾ ਉੱਤੇ ਛੁਪਿਆ ( Underground Attack ) ਹੋਇਆ ਹਮਲਾ ਸਮਝਿਆ ਗਿਆ | ਇਸ ਵੰਡ ਨਾਲ ਲਾਰਡ ਕਰਜ਼ਨ ਬ੍ਰਿਟਿਸ਼ ਰਾਜ ਦੇ ਵਿਦਰੋਹੀਆਂ ਨੂੰ ਅਲਗ-ਥਲਗ ਕਰਕੇ ਉਹਨਾਂ ਵੱਲੋਂ ਕੀਤੇ ਜਾ ਰਹੇ ਕਿਸੇ ਵੀ ਤਰਾਂ ਦੇ ਵਿਰੋਧ ਨੂੰ ਕਮਜ਼ੋਰ ਕਰਨਾ ਚਾਹੁੰਦਾ ਸੀ | ਬੰਗਾਲ ਦੀ ਏਕਤਾ ਉਹਨਾਂ ਦੀ ( ਭਾਰਤੀ ਦੇਸ਼ ਪ੍ਰੇਮੀਆਂ ਦੀ ) ਬਹੁਤ ਵੱਡੀ ਸ਼ਕਤੀ ਸੀ ਜਿਸਨੂੰ ਦੋ ਫਾੜ ਕਰਕੇ ਕਮਜ਼ੋਰ ਕਰਨਾ ਲਾਰਡ ਕਰਜ਼ਨ ਦਾ ਮੁੱਖ ਉੱਦੇਸ਼ ਸੀ |

ਬੰਗਾਲ ਦੀ ਵੰਡ ਦਾ ਵਿਚਾਰ ਸਭ ਤੋਂ ਪਹਿਲਾਂ ਵਿਲੀਅਮ ਵਾਰਡ ਨੇ ਜੋ ਉਸ ਸਮੇਂ ਅਸਾਮ ਦਾ ਚੀਫ਼ ਕਮਿਸ਼ਨਰ ਸੀ , ਨੇ ਸਨ 1896 ਈ. ਵਿੱਚ ਦਿੱਤਾ ਸੀ | ਬਾਅਦ ਵਿੱਚ ਪੂਰਵੀ ਭਾਰਤ ਵਿੱਚ ਉਠ ਰਹੀ ਰਾਸ਼ਟਰੀ ਲਹਿਰ ਨਾਲ ਨਜਿੱਠਣ ਵਾਸਤੇ ਲਾਰਡ ਕਰਜ਼ਨ ਅਤੇ ਉਸਦੇ ਸਲਾਹਕਾਰ ਸਰ ਏ. ਫਰੇਸਰ ( ਜੋ ਉਸ ਸਮੇਂ ਬੰਗਾਲ ਦਾ ਲੈਫਟੀਨੈੰਟ ਗਵਰਨਰ ਸੀ ) ਅਤੇ ਐਚ.ਐਚ. ਰਿਸਲੇ ( ਜੋ ਉਸ ਸਮੇਂ ਭਾਰਤ ਸਰਕਾਰ ਵਿੱਚ ਗ੍ਰਹਿ ਵਿਭਾਗ ਦਾ ਸਕੱਤਰ ਸੀ ) ਨੇ ਇਸਦਾ ਹੱਲ ਕਢਿਆ ਕਿ ਬੰਗਾਲ ਦੇ ਬੰਗਾਲੀ ਭਾਸ਼ਾਈ ਖੇਤਰ ਅਲਗ ਕਰ ਦਿੱਤੇ ਜਾਣ | ਰਿਸਲੇ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ,” ਬੰਗਾਲ ਇੱਕ ਹੈ ਤਾਂ ਸ਼ਕਤੀਸ਼ਾਲੀ ਰਹੇਗਾ ਅਤੇ ਵੰਡਿਆ ਹੋਇਆ ਬੰਗਾਲ ਅਲਗ-ਅਲਗ ਰਸਤਿਆਂ ਵੱਲ ਖਿੱਚਿਆ ਜਾਵੇਗਾ | ” ਕਰਜ਼ਨ ਦਾ ਇਹ ਕਹਿਣਾ ਸੀ ਕਿ – ” ਭਾਰਤੀਆਂ ਉੱਤੇ ਕੇਵਲ ਰਾਜ ਕਰੋ ਉਹਨਾਂ ਨੂੰ ਕਿਸੇ ਤਰਾਂ ਦੀਆਂ ਆਸਾਂ ਨਾ ਪਾਲਣ ਦਿਓ | “

ਇਸਤੋਂ ਇਲਾਵਾ ਕਰਜ਼ਨ ਨੇ ਯੂਨੀਵਰਸਿਟੀ ਐਕਟ ( 1904 ) ਨੂੰ ਵੀ ਪਾਸ ਕਰਵਾਇਆ ਅਤੇ ਉਸਨੂੰ ਲਾਗੂ ਕੀਤਾ | ਇਸ ਐਕਟ ਅਨੁਸਾਰ ( ਯੂਨੀਵਰਸਿਟੀ ਵਿੱਚ ) ਸੀਨੇਟ ਦੇ ਚੁਣੇ ਹੋਏ ਮੈਂਬਰ ਜੋ ਜਿਆਦਾਤਰ ਭਾਰਤੀ ਸਨ , ਦੀ ਗਿਣਤੀ ਘਟਾ ਦਿੱਤੀ ਗਈ | ਇਸ ਤਰਾਂ ਕਲਕੱਤਾ ਯੂਨੀਵਰਸਿਟੀ ਨਾਲ ਸਬੰਧਤ ਕਾਲਜ ਅਤੇ ਸਕੂਲਾਂ ਨੂੰ ਗ੍ਰਾੰਟ ਅਤੇ ਹੋਰ ਸਹੂਲਤਾਂ ਆਦਿ ਦੇਣ ਦੀ ਸ਼ਕਤੀ ਸਰਕਾਰੀ ( ਬ੍ਰਿਟਿਸ਼ ) ਅਧਿਕਾਰੀਆਂ ਨੂੰ ਸੌੰਪ ਦਿੱਤੀ ਗਈ |

ਬੰਗਾਲ ਦੀ ਜੋ ਵੰਡ ਹੋਈ ਉਸ ਵਿੱਚ ਪੂਰਵੀ ਖੇਤਰ ਵਿੱਚ ਮੁਸਲਿਮ ਆਬਾਦੀ ਜਿਆਦਾ ਸੀ ਜਦਕਿ ਪਛਮੀ ਖੇਤਰ ਵਿੱਚ ਹਿੰਦੂ ਆਬਾਦੀ ਬਹੁਤ ਜਿਆਦਾ ਅਤੇ ਮੁਸਲਿਮ ਘੱਟ ਸਨ | ਭਾਰਤੀ ਲੋਕਾਂ ਦੇ ਮਨ ਵਿੱਚ ਭਾਵੇਂ ਜੋ ਵੀ ਵਿਚਾਰ ਹੋਵੇ ਪਰ ਇਸ ਨਾਲ ਅੰਗਰੇਜਾਂ ਨੂੰ ਭਾਰਤੀ ਲੋਕਾਂ ਦੇ ਖਿਲਾਫ਼ ਆਸਾਨੀ ਨਾਲ ਲੜਨ ਵਾਸਤੇ ਕਮਿਉਨਲ ਹਥਿਆਰ ਮਿਲ ਗਿਆ | ਇਸ ਵੰਡ ਦੌਰਾਨ ਹੀ ਮੁਸਲਿਮ ਲੀਗ ਦਾ ਜਨਮ (1906 ) ਹੋਇਆ ਸੀ | ਕਰਜ਼ਨ ਨੇ ਮੁਸਲਿਮ ਲੀਡਰਾਂ ਨੂੰ ਖੁਸ਼ ਕਰਨਾ ਸ਼ੁਰੂ ਕੀਤਾ ਤਾਂ ਲੀਗ ਦੇ ਨੇਤਾਵਾਂ ਨੇ ਵੀ ਅੰਗਰੇਜਾਂ ਦਾ ਵਿਰੋਧ ਕਰਨ ਵਿੱਚ ਬਹੁਤੀ ਦਿਲਚਸਪੀ ਨਹੀਂ ਦਿਖਾਈ | ਇਸ ਤਰਾਂ ਇੱਕ ਪਾਸੇ ਤਾਂ ਇਸ ਬੰਗਾਲ ਦੀ ਵੰਡ ਨੇ ਭਾਵੇਂ ਦੇਸ਼ ਪ੍ਰੇਮ ਅਤੇ ਜਨਤਾ ਵਿੱਚ ਰਾਸ਼ਟਰੀ ਭਾਵਨਾ ਨੂੰ ਜਾਗ੍ਰਿਤ ਕੀਤਾ | ਪਰ ਦੂਜੇ ਪਾਸੇ ਰਾਜਨੇਤਾਵਾਂ ਦੇ ਆਪਣੇ ਨਿਜੀ ਹਿੱਤਾਂ ਕਾਰਨ ਦੇਸ਼ ਵਿੱਚ ਅੰਗਰੇਜਾਂ ਨੂੰ ਕਮਿਉਨਲ ਕਾਰਡ ਖੇਡਣ ਦਾ ਰਾਹ ਲਭ ਗਿਆ ਜੋ ਅੰਤ ਵਿੱਚ ਪਾਕਿਸਤਾਨ ਦੇ ਜਨਮ ਨਾਲ ਅਤੇ ਅੰਗਰੇਜਾਂ ਦੇ ਭਾਰਤ ਛੱਡਣ ਨਾਲ ਹੀ ਖਤਮ ਹੋਇਆ |

– ਉਮੇਸ਼ਵਰ ਨਾਰਾਇਣ –

           _________________________________________________________

ਦਰਵਾਜ਼ਾ ਬੰਦ

ਤੁਸੀਂ ਅੱਜਕਲ ਆਪਣੇ ਟੀ.ਵੀ.ਚੈਨਲ ਤੇ ਇੱਕ ਸਮਾਜਿਕ ਵਿਗਿਆਪਨ ਵਿੱਚ “ਦਰਵਾਜ਼ਾ ਬੰਦ” ਬਾਰੇ ਸੁਣਿਆ ਹੋਵੇਗਾ | ਇਸ ਵਿਗਿਆਪਨ ਵਿੱਚ ਤੁਸੀਂ ਅਮਿਤਾਭ ਬਚਨ ਅਤੇ ਅਨੁਸ਼ਕਾ ਸ਼ਰਮਾ ਨੂੰ ਦੇਖਿਆ ਹੋਵੇਗਾ | ਆਓ ਅੱਜ ਅਸੀਂ ਇਸ ਵਿਚਾਰ ਦੇ ਮੰਤਵ ਬਾਰੇ ਜਾਣੀਏ | ਡਰਿੰਕਿੰਗ ਵਾਟਰ ਐਂਡ ਸੈਨੀਟੇਸ਼ਨ ਮੰਤਰਾਲਿਆ ਦੇ ਵਿਭਾਗ ਨੇ ਦੇਸ਼ ਭਰ ਵਿੱਚ ਇੱਕ ਅਭਿਆਨ ਸ਼ੁਰੂ ਕੀਤਾ ਹੈ | ਇਸ ਅਭਿਆਨ ਦਾ ਸਿਰਲੇਖ ਹੀ “ਦਰਵਾਜ਼ਾ ਬੰਦ” ਹੈ | ਇਸਦਾ ਉਦੇਸ਼ ਟਾਇਲਟ ਦੀ ਵਰਤੋਂ ਵਾਸਤੇ ਆਮ ਜਨਤਾ ਨੂੰ ਉਤਸਾਹਿਤ ਕਰਨਾ ਹੈ | ਕਿਉਂਕਿ ਅਕਸਰ ਅਜਿਹੇ ਕੇਸ ਦੇਖੇ ਗਏ ਹਨ ਜਿੱਥੇ ਲੋਕਾਂ ਦੇ ਘਰਾਂ ਵਿੱਚ ਟਾਇਲਟ ਤਾਂ ਹੈ ਪਰ ਉਹ ਹਾਲੇ ਤੱਕ ਵੀ ਇਸਦਾ ਪ੍ਰਯੋਗ ਕਰਨ ਵਿੱਚ ਹਿਚਕਿਚਾਹਟ ਮਹਿਸੂਸ ਕਰਦੇ ਹਨ | ਦਰਵਾਜ਼ਾ ਬੰਦ ਇੱਕ ਸੰਕੇਤਕ ਸ਼ਬਦ ਹੈ ਜੋ ਖੁਲ੍ਹੇ ਵਿੱਚ ਸ਼ੌਚ ਕਰਨ ਵਾਲ੍ਹੀ ਆਦਤ ਨੂੰ ਪੱਕੇ ਤੌਰ ਤੇ ਬੰਦ ਕਰਨ ਲਈ ਆਖਦਾ ਹੈ | ਇਹ ਅਭਿਆਨ ਸਵੱਛ ਭਾਰਤ ਅਭਿਆਨ ਦਾ ਹੀ ਇੱਕ ਹਿੱਸਾ ਹੈ ਅਤੇ ਉਸੇ ਅਧੀਨ ਹੀ ਇਸਨੂੰ ਚਲਾਇਆ ਜਾ ਰਿਹਾ ਹੈ | ਇਸ “ਦਰਵਾਜ਼ਾ ਬੰਦ” ਅਭਿਆਨ ਦੀ ਸ਼ੁਰੁਆਤ ਮਹਾਰਾਸ਼ਟਰ ਵਿੱਚ ਸ਼ੁਰੂ ਕੀਤੀ ਗਈ ਸੀ | ਇਸ ਪ੍ਰੋਗਰਾਮ ਦੇ ਉਦਘਾਟਨ ਸਮਾਰੋਹ ਸਮੇਂ ਹਾਜ਼ਰ ਲੋਕਾਂ ਵਿੱਚ ਅਮਿਤਾਭ ਬਚਨ, ਡਰਿੰਕਿੰਗ ਵਾਟਰ ਐੰਡ ਸੈਨੀਟੇਸ਼ਨ ਵਿਭਾਗ ਅਤੇ ਮੰਤਰਾਲਿਆ ਦੇ ਮੰਤਰੀ ਨਰਿੰਦਰ ਸਿੰਘ ਤੋਮਰ  ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵੇਂਦਰ ਫੜਨਵੀਸ  ਸਨ |

ਅਨੁਸ਼ਕਾ ਸ਼ਰਮਾ ਫਿਲਮੀ ਅਭਿਨੇਤਰੀ ਨੂੰ ਵੀ ਇਸ ਅਭਿਆਨ ਦਾ ਹਿੱਸਾ ਬਣਾਇਆ ਗਿਆ ਹੈ | ਉਹ ਔਰਤਾਂ ਨੂੰ ਇਸ ਮੁੱਦੇ ਉੱਤੇ ਖੁੱਲਕੇ ਬੋਲਣ ਅਤੇ ਕੰਮ ਕਰਨ ਲਈ ਅੱਗੇ ਆਉਣ ਲਈ ਪ੍ਰੇਰਿਤ ਕਰੇਗੀ | ਇੱਕ ਸਰਵੇਖਣ ਦੇ ਅਨੁਸਾਰ ਦੇਸ਼ ਲਗਪਗ 64 %  ਓ.ਡੀ.ਐਫ. ਹੈ ( ODF : Open defecation Free ) ਜਿਸ ਵਿੱਚ ਮਾਹਾਸ਼ਟਰ ਦੀ ਸਥਿਤੀ 80 % ਓ.ਡੀ.ਐਫ. ਹੈ | ਪੂਰੇ ਦੇਸ਼ ਵਿੱਚ ਹੀ ਇਸਦੀ ਸਥਿਤੀ ਵਿੱਚ ਸੁਧਾਰ ਆਇਆ ਹੈ | ਮਈ 2014 ਵਿੱਚ 55 ਕਰੋੜ ਆਬਾਦੀ ਖੁਲ੍ਹੇ ਵਿੱਚ ਸ਼ੌਚ ਕਰਨ ਜਾਂਦੀ ਸੀ , ਮਈ 2017 ਵਿੱਚ ਇਹ ਅੰਕੜਾ 35 ਕਰੋੜ ਤੱਕ ਆ ਗਿਆ ਹੈ | ਇਸਦਾ ਮੁੱਖ ਕਾਰਣ ਹੈ ਕਿ ਸਰਕਾਰ ਵੱਲੋਂ ਲੋਕਾਂ ਨੂੰ ਇਸ ਕੰਮ ( ਟਾਇਲਟ ਬਨਾਉਣ ) ਵਾਸਤੇ ਸਹਾਇਤਾ ਦਿੱਤੀ ਜਾ ਰਹੀ ਹੈ | ਲੋਕ ਹੋਲ੍ਹੀ ਹੋਲ੍ਹੀ ਇਸ ਪ੍ਰਤੀ ਜਾਗਰੂਕ ਵੀ ਹੋ ਰਹੇ ਹਨ |

ਸਵੱਛ ਭਾਰਤ ਅਭਿਆਨ – ਸਵੱਛ ਭਾਰਤ ਅਭਿਆਨ ਭਾਰਤ ਸਰਕਾਰ ਦਾ ਇੱਕ ਬਹੁਤ ਵੱਡਾ ਅਭਿਆਨ ਹੈ ਜਿਸਦੀ ਸ਼ੁਰੁਆਤ ਮਹਾਤਮਾ ਗਾਂਧੀ ਦੇ ਜਨਮ ਦਿਵਸ 2 ਅਕਤੂਬਰ, 2014  ਨੂੰ ਹੋਈ ਸੀ | ਇਸ ਅਭਿਆਨ ਦੇ ਅੱਗੇ ਫਿਰ ਦੋ ਮਿਸ਼ਨ ਹਨ – ( 1 ) ਸਵੱਛ ਭਾਰਤ ਮਿਸ਼ਨ ਗ੍ਰਾਮੀਣ ਅਤੇ ( 2 ) ਸਵੱਛ ਭਾਰਤ ਮਿਸ਼ਨ ਸ਼ਹਿਰੀ | ਇਸ ਵਿੱਚ ਸ਼ਹਿਰੀ ਅਭਿਆਨ ਸ਼ਹਿਰੀ ਵਿਕਾਸ ਮੰਤਰਾਲਿਆ ਦੇ ਅਧੀਨ ਆਉਂਦਾ ਹੈ | ਸਵੱਛ ਭਾਰਤ ਅਭਿਆਨ ਦਾ ਉਦੇਸ਼ ਸਿਰਫ ਟਾਇਲਟ ਬਨਵਾਉਣ ਹੀ ਨਹੀਂ ਸਗੋਂ ਇਸ ਪ੍ਰੋਗਰਾਮ ਅਧੀਨ ਲੋਕਾਂ ਨੂੰ ਠੋਸ ਅਤੇ ਤਰਲ ਕਚਰੇ ਦੇ ਨਿਪਟਾਰੇ ਵਾਸਤੇ ਪ੍ਰਣਾਲੀ ਮੁਹਇਆ ਕਰਨਾ , ਅਤੇ 2 ਅਕਤੂਬਰ, 2019 ਤੱਕ ਪਿੰਡਾਂ ਵਿੱਚ ਸਾਫ਼ ਸੁੱਥਰਾ ਪੀਣ ਵਾਲਾ ਪਾਣੀ ਵੀ ਮੁਹਇਆ ਕਰਵਾਉਣਾ ਹੈ |

 

   _________________________________________

 

 

 

ਉਦਯੋਗਾਂ ਲਈ ਰੀੜ੍ਹ ਦੀ ਹੱਡੀ – ਖਣਿਜ ਪਦਾਰਥ

ਕਿਸੇ ਰਾਸ਼ਟਰ ਲਈ ਖਣਿਜ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦੇ ਹਨ | ਖਣਿਜ ਉਦਯੋਗ ਧੰਦਿਆਂ ਦਾ ਜੀਵਨ ਆਧਾਰ ਹਨ | ਖਣਿਜ ਹੀ ਸਾਡੇ ਉਦਯੋਗਾਂ ਲਈ ਰੀੜ੍ਹ ਦੀ ਹੱਡੀ ਹੁੰਦੇ ਹਨ | ਕਿਉਂਕਿ ਇਹਨਾਂ ਦਾ ਦੇਸ਼ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਹੁੰਦਾ ਹੈ |ਮੱਧ-ਪੁਰਬ ਦੇ ਵੀਰਾਨ ਮਾਰੂਥਲ ਦੇ ਦੇਸ਼ ਅੱਜ ਪੈਟਰੋਲੀਅਮ ਦੇ ਉਤਪਾਦਨ ਕਾਰਣ ਹੀ ਅਮੀਰ ਹਨ ਅਤੇ ਉਹਨਾਂ ਦੇਸ਼ਾਂ ਵਿੱਚ ਉਦਯੋਗਿਕ ਵਿਕਾਸ ਹੋ ਰਿਹਾ ਹੈ | ਦੇਸ਼ ਦੇ ਵਿਕਾਸ ਕਾਰਣ ਹੀ ਲੋਕਾਂ ਦਾ ਜੀਵਨ ਪੱਧਰ ਉੱਚਾ ਉਠਦਾ ਹੈ |

ਭਾਰਤ ਖਣਿਜ ਪਦਾਰਥਾਂ ਦੇ ਭੰਡਾਰ ਵਿੱਚ ਕਾਫੀ ਅਮੀਰ ਹੈ | ਪਰ ਇੱਥੇ ਇਹਨਾਂ ਦਾ ਉਚਿੱਤ ਉਪਯੋਗ ਜਾਂ ਦੋਹਨ ਹਾਲੇ ਤੱਕ ਨਹੀਂ ਹੋ ਸਕਿਆ ਹੈ | ਇਸ ਤੋਂ ਇਲਾਵਾ ਇੱਥੇ ਪਾਏ ਜਾਣ ਵਾਲੇ ਖਣਿਜਾਂ ਦਾ ਆਪਣਾ ਮਹੱਤਵ ਹੈ | ਕੁਝ ਖਣਿਜਾਂ ਵਿੱਚ  ਸਾਡਾ ਦੇਸ਼ ਕਾਫੀ ਅਮੀਰ ਹੈ ਜਦਕਿ ਦੂਜੇ ਖਣਿਜਾਂ ਵਿੱਚ ਇਹ ਕਾਫੀ ਪਿੱਛੜਿਆ ਹੋਇਆ ਹੈ | ਲੋਹਾ,ਅਬਰਕ, ਮੈਂਗਨੀਜ਼, ਬਾਕਸਾਇਟ ਅਤੇ ਜਿਪਸਮ ਅਤੇ ਕੋਲ੍ਹਾ ਇੱਥੇ ਕਾਫੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਜਦਕਿ ਚਾਂਦੀ, ਤਾਂਬਾ, ਟਿਨ, ਸੀਸਾ, ਪਾਰਾ ਅਤੇ ਨਿੱਕਲ ਆਦਿ ਵਰਗੇ ਖਣਿਜ ਬਹੁਤ ਘੱਟ ਮਾਤਰਾ ਵਿੱਚ ਮਿਲਦੇ ਹਨ | ਇਹ ਗੱਲ ਧਿਆਨ ਦੇਣ ਯੋਗ ਹੈ ਕਿ ਭਾਰਤ ਉਹਨਾਂ ਖਣਿਜਾਂ ਵਿੱਚ ਅਮੀਰ ਹੈ ਜੋ ਕਿਸੇ ਦੇਸ਼ ਦੇ ਉਦਯੋਗਿਕ ਵਿਕਾਸ ਦਾ ਆਧਾਰ ਹੁੰਦੇ ਹਨ | ਭਾਰਤ ਵਿੱਚ ਮਿਲਣ ਵਾਲ੍ਹੇ ਕੁਝ ਖਣਿਜ ਪਦਾਰਥਾਂ ਦਾ ਵਰਣਨ ਹੇਠ ਲਿਖਿਆ ਹੈ |

ਅਬਰਕ : ਸੰਸਾਰ ਦੇ ਲਗਭਗ ਸੱਠ ਪ੍ਰਤੀਸ਼ੱਤ ਅਬਰਕ ਦਾ ਉਤਪਾਦਨ ਭਾਰਤ ਵਿੱਚ ਹੀ ਹੁੰਦਾ ਹੈ | ਇਹ ਬਿਜਲੀ ਉਦਯੋਗਾਂ ਦਾ ਮੁੱਖ ਆਧਾਰ ਹੈ | ਅੰਤਰ-ਰਾਸ਼ਟਰੀ ਬਜਾਰ ਵਿੱਚ ਦੋ-ਤਿਹਾਈ ਅਬਰਕ ਭਾਰਤ ਦਾ ਹੀ ਹੁੰਦਾ ਹੈ | ਝਾਰਖੰਡ ਦੇ ਹਜਾਰੀਬਾਗ ਅਤੇ ਬਿਹਾਰ ਦੇ ਗਯਾ ਅਤੇ ਮੁੰਗੇਰ ਜਿਲ੍ਹਿਆਂ ਵਿੱਚ ਭਾਰਤ ਦੇ ਅੱਧੇ ਅਬਰਕ ਦਾ ਉਤਪਾਦਨ ਹੁੰਦਾ ਹੈ | ਅਬਰਕ ਦੇ ਬਾਕੀ ਭਾਗ ਦਾ ਅੱਧਾ ਉਤਪਾਦਨ ਆਂਧਰਾ ਪ੍ਰਦੇਸ਼ ਦੇ ਨੈਲੋਰ ਅਤੇ ਰਾਜਸਥਾਨ ਦੇ ਭੀਲਵਾੜਾ ਜਿਲ੍ਹਿਆਂ ਵਿੱਚ ਹੁੰਦਾ ਹੈ |

ਬਾਕ੍ਸਾਇਟ : ਬਾਕਸਾਇਟ ਦੀ ਕੱਚੀ ਧਾਤ ਤੋਂ ਐਲੁਮੀਨੀਅਮ ਧਾਤ ਪ੍ਰਾਪਤ ਕੀਤੀ ਜਾਂਦੀ ਹੈ | ਹਲਕੀ ਹੋਣ ਦੇ ਕਾਰਣ ਇਹ ਧਾਤ ਬਹੁਤ ਹੀ ਉਪਯੋਗੀ ਸਿੱਧ ਹੁੰਦੀ ਹੈ | ਹਵਾਈ ਜਹਾਜ ਉਦਯੋਗ ਲਈ ਇਸ ਧਾਤ ਦਾ ਬੜਾ ਮਹੱਤਵ ਹੈ | ਬਿਜਲੀ ਨਾਲ ਸਬੰਧਿਤ ਉਦਯੋਗਾਂ ਅਤੇ ਸਧਾਰਨ ਜੀਵਨ ਵਿੱਚ ਵੀ ਇਸਦਾ ਉਪਯੋਗ ਵੱਧਦਾ ਜਾ ਰਿਹਾ ਹੈ | ਝਾਰਖੰਡ , ਗੁਜਰਾਤ, ਅਤੇ ਮੱਧ ਪ੍ਰਦੇਸ਼ ਬਾਕ੍ਸਾਇਟ ਦੇ ਮੁੱਖ ਉਤਪਾਦਕ ਰਾਜ ਹਨ | ਬਾਕ੍ਸਾਇਟ ਮਹਾਰਾਸ਼ਟਰ ਦੇ ਕੋਲਹਾਪੁਰ ਜਿਲ੍ਹੇ ਵਿਚ ਵੀ ਪਾਇਆ ਜਾਂਦਾ ਹੈ | ਪਿਛਲੇ ਕੁਝ ਸਾਲਾਂ ਵਿਚ ਉੜੀਸਾ ਦੇ ਬਾਕ੍ਸਾਇਟ ਭੰਡਾਰਾਂ ਦਾ ਵਿਕਾਸ ਕੀਤਾ ਗਿਆ ਹੈ |

ਮੈਂਗਨੀਜ਼ : ਮੈਂਗਨੀਜ਼ ਦਾ ਉਪਯੋਗ ਮਿਸ਼ਰਤ ਧਾਤ ਬਨਾਉਣ ਲਈ ਕੀਤਾ ਜਾਂਦਾ ਹੈ | ਇਹੀ ਕਾਰਣ ਹੈ ਕਿ ਇਸਦਾ ਮਹੱਤਵ ਵੱਧਦਾ ਜਾ ਰਿਹਾ ਹੈ | ਉੜੀਸਾ ਵਿਚ ਮੈਂਗਨੀਜ਼ ਦੀਆਂ ਖਾਣਾਂ ਕਿਓਂਝਰ ਅਤੇ ਮਿਉਰਭੰਜ ਵਿਚ ਪਾਈਆਂ ਜਾਂਦੀਆਂ ਹਨ | ਕਰਨਾਟਕ ਵਿਚ ਇਸ ਦੀਆਂ ਖਾਣਾਂ ਚਿੱਤਰ-ਦੁਰਗ, ਸਿਮੋਗਾ, ਚਿਕਮੰਗਲੂਰ , ਬੇਲਗਾਮ , ਧਾਰਵਾੜ ਅਤੇ ਉੱਤਰ ਕੰਨੜ ਜਿਲ੍ਹਿਆਂ ਵਿਚ ਹਨ | ਝਾਰਖੰਡ ਦੇ ਸਿੰਘਭੂਮ ਅਤੇ ਆਂਧਰਾ ਪ੍ਰਦੇਸ਼ ਦੇ ਨਿਜਾਮਾਬਾਦ ਵਿਚ ਵੀ ਮੈਂਗਨੀਜ਼ ਮਿਲਦਾ ਹੈ |

ਤਾਂਬਾ : ਸਿੱਕੇ ਅਤੇ ਘਰੇਲੂ ਬਰਤਨ ਬਨਾਉਣ ਲਈ ਤਾਂਬੇ ਦਾ ਬਹੁਤ ਉਪਯੋਗ ਹੁੰਦਾ ਸੀ , ਪ੍ਰੰਤੂ ਅੱਜ-ਕੱਲ ਇਹ ਬਿਜਲੀ ਦੇ ਉਦਯੋਗਾਂ ਲਈ ਬਹੁਤ ਹੀ ਜਰੂਰੀ ਹੋ ਗਿਆ ਹੈ , ਕਿਉਂਕਿ ਇਹ ਬਿਜਲੀ ਦਾ ਉੱਤਮ ਸੁਚਾਲਕ ਹੈ | ਅੱਜ-ਕੱਲ ਦੇਸ਼ ਦਾ ਜ਼ਿਆਦਾਤਰ ਤਾਂਬਾ ਝਾਰਖੰਡ ਦੇ ਸਿੰਘਭੂਮ , ਮੱਧ ਪ੍ਰਦੇਸ਼ ਦੇ ਬਾਲਾਘਾਟ ਅਤੇ ਰਾਜਸਥਾਨ ਦੇ ਝੁੰਨਝੁੰਨੂੰ ਅਤੇ ਅਲਵਰ ਜਿਲ੍ਹਿਆਂ ਵਿੱਚ ਕੱਢਿਆ ਜਾਂਦਾ ਹੈ | ਆਂਧਰਾ ਪ੍ਰਦੇਸ਼ ਦੇ ਖਮਮ , ਕਰਨਾਟਕ ਦੇ ਚਿੱਤਰਦੁਰਗ ਅਤੇ ਹਸਨ ਜਿਲ੍ਹਿਆਂ ਅਤੇ ਸਿੱਕਿਮ ਵਿਚ ਵੀ ਥੋੜੇ ਬਹੁਤ ਤਾਂਬੇ ਦਾ ਉਤਪਾਦਨ ਹੁੰਦਾ ਹੈ |

    _____________________________

ਪੰਜਾਬ ਬਾਰੇ ਕੁਝ ਮਹੱਤਵਪੂਰਨ ਆਮ ਜਾਣਕਾਰੀ

  1. ਅਟਾਰੀ ਬਾਰਡਰ ( ਅੰਮ੍ਰਿਤਸਰ ) ਵਿਖੇ ਝੰਡਾ ਨੀਵਾਂ ਕਰਨ ਦੀ ਰਸਮ ਨੂੰ ਦੇਖਣ ਲਈ ਹਜ਼ਾਰਾਂ ਲੋਕ ਰੋਜ਼ਾਨਾ ਇਕੱਠੇ ਹੁੰਦੇ ਹਨ|
  2. ਪੰਜਾਬ ਦੀਆਂ ਪੇਂਡੂ ਓਲੰਪਿਕ ਖੇਡਾਂ ਲੁਧਿਆਣੇ ਤੋਂ ਛੇ ਕਿਲੋਮੀਟਰ ਦੁਰ ਕਿਲ੍ਹਾ ਰਾਏਪੁਰ ਵਿੱਚ ਹਰ ਸਾਲ ਹੁੰਦੀਆਂ ਹਨ |
  3. 21, ਫਰਵਰੀ ਨੂੰ ‘ਵਿਸ਼ਵ ਮਾਂ ਬੋਲੀ ਦਿਵਸ’ ਹਰ ਵਰ੍ਹੇ ਪੰਜਾਬ ਵਿੱਚ ‘ਮਾਂ ਬੋਲੀ ਪੰਜਾਬੀ ਦਿਵਸ’ ਮਨਾਇਆ ਜਾਂਦਾ ਹੈ |
  4. ਜਲ੍ਹਿਆਂ ਵਾਲੇ ਬਾਗ ਵਿੱਚ ਹੋਏ ਕਾਂਡ ਦਾ ਬਦਲਾ ਸ਼ਹੀਦ ਉਧਮ ਸਿੰਘ ਨੇ ਜਨਰਲ ਓਡਵਾਇਰ ਨੂੰ ਇੰਗਲੈਂਡ ਵਿੱਚ ਮਾਰਕੇ ਲਿਆ ਸੀ |
  5. ਪੰਜਾਬ ਦੇ ਪਹਿਲੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਸਨ |
  6. ਪੰਜਾਬ ਦੀ ਵਿਧਾਨ ਸਭਾ ਵਿੱਚ 117 ਮੈਂਬਰ ਹੁੰਦੇ ਹਨ | ਲੋਕ ਸਭਾ ਵਿੱਚ 13 ਅਤੇ ਰਾਜ ਸਭਾ ਵਿੱਚ  7 ਮੈਂਬਰ ਭੇਜੇ ਜਾਂਦੇ ਹਨ |
  7. ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਸਿੱਖਿਆ ਦਰ ਪੰਜਾਬ ਵਿੱਚ ਸਭ ਤੋਂ ਵੱਧ ਹੈ |
  8. ਸਭ ਤੋਂ ਘੱਟ ਪੜਿਆ ਲਿਖਿਆ ਜਿਲ੍ਹਾ ਮਾਨਸਾ ਹੈ |
  9. ਸਭ ਤੋਂ ਘੱਟ ਖੇਤਰਫਲ ਵਾਲਾ ਜਿਲਾ ਪਠਾਨਕੋਟ ਹੈ |
  10. ਸਭ ਤੋਂ ਘੱਟ ਘਣਤਾ ਵਾਲਾ ਜਿਲ੍ਹਾ ਮੁਕਤਸਰ ਹੈ |
  11. ਸਭ ਤੋਂ ਵੱਧ ਜਨਸੰਖਿਆ ਵਾਲਾ ਜਿਲ੍ਹਾ ਲੁਧਿਆਣਾ ਹੈ |
  12. ਸ਼ਹੀਦ ਭਗਤ ਸਿੰਘ ਨੂੰ ਅਸੈਂਬਲੀ ਵਿੱਚ ਬੰਬ ਸੁੱਟਣ ਕਾਰਣ 23 ਮਾਰਚ 1931ਈ: ਨੂੰ ਫਾਂਸੀ ਦੇ ਦਿੱਤੀ ਗਈ |
  13. ਮਦਨ ਲਾਲ ਢੀਂਗਰਾ ਨੇ ਲੰਦਨ ਵਿਖੇ ਕਰਨਲ ਵਿਲੀਅਮ ਕਰਜ਼ਨ ਵਾਇਲੀ ਨੂੰ ਗੋਲੀ ਮਾਰੀ ਸੀ |
  14. ਖਾਲਸਾ ਸ਼ਬਦ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸਦਾ ਅਰਥ ਹੈ ਸ਼ੁੱਧ, ਅਤੇ ਖਰਾ |
  15. ਸਭ ਤੋਂ ਪਹਿਲਾਂ ਸਿੱਖ ਰਾਜ ਬੰਦਾ ਸਿੰਘ ਬਹਾਦੁਰ ਨੇ ਕਾਇਮ ਕੀਤਾ ਸੀ | ਉਸਨੇ ਇੱਕ ਸਿੱਖ-ਸਿੱਕਾ ਵੀ ਜ਼ਾਰੀ ਕੀਤਾ ਸੀ |
  16. ਬੰਦਾ ਸਿੰਘ ਬਹਾਦੁਰ ਦਾ ਪਹਿਲਾ ਨਾਮ ਲਛਮਣ ਦਾਸ ਸੀ | ਘਰ ਬਾਹਰ ਤਿਆਗਣ ਤੋਂ ਬਾਅਦ ਉਹ ਜਾਨਕੀ ਪ੍ਰਸਾਦ ਦਾ ਚੇਲਾ ਬਣ ਗਿਆ ਸੀ |ਬੈਰਾਗੀ ਬਣਨ ਤੋਂ ਬਾਅਦ ਲਛਮਣ ਦਾਸ ਦਾ ਨਾਮ ਮਾਧੋ ਦਾਸ ਪਾਈ ਗਿਆ |
  17. ਮਾਧੋ ਦਾਸ ਦਾ ਡੇਰਾ ਗੋਦਾਵਰੀ ਨਦੀ ਕੰਡੇ ਤੇ ਸਥਿੱਤ ਸੀ |
  18. ਚੰਡੀਗੜ੍ਹ ਵਿੱਚ ਤੇਰ੍ਹਾਂ ਨੰਬਰ ਸੈਕਟਰ ਨਹੀਂ ਹੈ |
  19. ਸਤਲੁਜ ਦਰਿਆ ਦਾ ਪੁਰਾਣਾ ਨਾਮ ਸ਼ਤੁਦਰੀ  ਹੈ |
  20. ਸਤਲੁਜ ਦਰਿਆ ਕੰਡੋ ਦੋ ਪ੍ਰਸਿੱਧ ਅਤੇ ਵੱਡੇ ਸ਼ਹਿਰ ਹਨ ਲੁਧਿਆਣਾ ਅਤੇ ਫਿਰੋਜ਼ਪੁਰ |
  21. ਨਾਦਰ ਸ਼ਾਹ ਦੇ ਹਮਲੇ ਤੋਂ ਬਾਅਦ ਸਿੱਖਾਂ ਨੇ ‘ਦਲ ਖਾਲਸਾ’ ਦੀ ਨੀਂਹ ਰੱਖੀ ਸੀ |
  22. ਹਰਿਮੰਦਿਰ  ਸਾਹਿਬ ਦੀ ਸਥਾਪਨਾ ਸ਼੍ਰੀ ਗੁਰੂ ਅਰਜੁਨ ਦੇਵ ਜੀ ਨੇ ਕੀਤੀ ਸੀ |
  23. ਮੋਹਾਲੀ ਨੂੰ ਪੰਜਾਬ ਦੀ ਸਿਲੀਕੋਨ ਵੈਲੀ ਵੀ ਕਿਹਾ ਜਾਂਦਾ ਹੈ |
  24. ਪੰਜਾਬ ਵਿੱਚ ਖਾਦ ਦਾ ਸਭ ਤੋਂ ਵੱਡਾ ਕਾਰਖਾਨਾ ਨੰਗਲ ਵਿਖੇ ਹੈ |
  25. ਧੁੱਸੀ ਬੰਨ ਬਿਆਸ ਦਰਿਆ ਉੱਤੇ ਉਸਾਰਿਆ ਗਿਆ ਹੈ |
  26. ਪੰਜਾਬ ਦੇ ਇਤਿਹਾਸ ਦੀ ਸ਼ੁਰੁਆਤ ਸਿੰਧੁ ਘਾਟੀ ਦੀ ਸਭਿਅਤਾ ਤੋਂ ਸ਼ੁਰੂ ਹੁੰਦੀ ਹੈ |
  27. ਵਿਸ਼ਵ ਦੇ ਪ੍ਰਸਿੱਧ ਗ੍ਰੰਥ ਰਿਗਵੇਦ ਅਤੇ ਹੋਰ ਸਾਰਾ ਹਿੰਦੂ ਸਾਹਿੱਤ ਪੰਜਾਬ ਵਿੱਚ ਹੀ ਰਚਿਆ ਗਿਆ ਸੀ |
  28. ਜਲੰਧਰ ਸ਼ਹਿਰ ਰਾਮਾਇਣ ਕਾਲ ਤੋਂ ਵੀ ਪੁਰਾਣਾ ਸ਼ਹਿਰ ਹੈ |
  29. ਪੰਜਾਬ ਦਾ ਭਾਦਸੋਂ ਕਸਬਾ ਸਭ ਤੋਂ ਵੱਧ ਕੰਬਾਈਨ ਬਨਾਉਣ ਲਈ ਪ੍ਰਸਿੱਧ ਹੈ |
  30. ਰੇਲਾਂ ਦਾ ਸਭ ਤੋਂ ਵੱਡਾ ਜੰਕਸ਼ਨ ਬਠਿੰਡਾ ਸ਼ਹਿਰ ਹੈ |
  31. ਅੰਮ੍ਰਿਤਸਰ ਦਾ ਪੁਰਾਣਾ ਨਾਮ ਰਾਮਦਾਸ ਨਗਰ ਸੀ |
  32. ਨਵਾਂ ਸ਼ਹਿਰ ( ਹੁਣ ਸ਼ਹੀਦ ਭਗਤ ਸਿੰਘ ਸ਼ਹਿਰ ) ਦਾ ਪੁਰਾਣਾ ਨਾਮ ਨੌਸ਼ਰ ਸੀ |
  33. ਲੁਧਿਆਣਾ ਸ਼ਹਿਰ ਦੀ ਸਥਾਪਨਾ ਲੋਧੀ ਵੰਸ਼ ਵੇਲੇ ਹੋਈ ਸੀ | ਇਸਦ ਪੁਰਾਣਾ ਨਾਮ ਲੋਧੀ ਆਨਾ ਸੀ |
  34. ਪਟਿਆਲਾ ਸ਼ਹਿਰ ਬਾਬਾ ਆਲਾ ਸਿੰਘ ਨੇ ਵਸਾਇਆ ਸੀ |
  35. ਮੁਕਤਸਰ ਦਾ ਪੁਰਾਣਾ ਨਾਮ ਖਿਦਰਾਨਾ ਸੀ |
  36. ਇੰਕਲਾਬ ਜਿੰਦਾਬਾਦ ਦਾ ਨਾਅਰਾ ਸ਼ਹੀਦ ਭਗਤ ਸਿੰਘ ਦੀ ਦੇਣ ਹੈ |
  37. ਗਾਇਕਾ ਸੁਰਿੰਦਰ ਕੋਰ ਨੂੰ ਪੰਜਾਬ ਦੀ ਕੋਇਲ ਕਿਹਾ ਜਾਂਦਾ ਹੈ |
  38. “ਬਚਿੱਤਰ ਨਾਟਕ”  ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਜੀਵਨੀ ਹੈ |
  39. ਅੰਮ੍ਰਿਤਾ ਪ੍ਰੀਤਮ ਦੀ ਜੀਵਨੀ ਦਾ ਨਾਮ “ਰਸੀਦੀ ਟਿਕਟ” ਹੈ |
  40. ਸ਼ਿਵ ਕੁਮਾਰ ਬਟਾਲਵੀ ਨੂੰ ਉਸਦੀ ਰਚਨਾ “ਲੂਣਾ” ਵਾਸਤੇ ਉਸਨੂੰ ਸਾਹਿੱਤ ਅਕਾਦਮੀ ਪੁਰਸਕਾਰ ਮਿਲਿਆ ਸੀ |

 

__________________________________